September 19, 2016 | By ਸਿੱਖ ਸਿਆਸਤ ਬਿਊਰੋ
ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਦਾ ਐਲਾਨ ਕਰਦਿਆਂ ਭਾਜਪਾ ਨੇ ਪਾਰਟੀ ਦੇ ਸਾਰੇ ਵਿਧਾਇਕਾਂ, ਸੰਸਦਾਂ, ਕੋਰ ਕਮੇਟੀ ਦੇ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ, ਮੇਅਰਾਂ ਤੇ ਕਾਰਜਕਾਰਨੀ ਦੇ ਅਹੁਦੇਦਾਰਾਂ ਤੇ ਜ਼ਿਲ੍ਹਾ ਇੰਚਾਰਜਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਭਾਜਪਾ ਨੇ ਆਪਣੇ ਸਿਆਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਚਾਰ-ਪੰਜ ਸੀਟਾਂ ਦਾ ਵਟਾਂਦਰਾਂ ਕਰਨ ਦੇ ਮੁੱਦੇ ਨੂੰ ਵੀ ਵਿਚਾਰਿਆ। ਪੰਜ ਘੰਟੇ ਤੱਕ ਚੱਲੀ ਇਸ ਮੈਰਥਨ ਮੀਟਿੰਗ ਵਿੱਚ ਪਾਰਟੀ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੇ ਗੁਰ ਸਿਖਾਉਣ ਲਈ ਪਾਰਟੀ ਹਾਈ ਕਮਾਂਡ ਵੱਲੋਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਕਾਸ਼ ਝਾਅ, ਜੱਥੇਬੰਦਕ ਸਕੱਤਰ ਰਾਮ ਲਾਲ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਸਮੇਤ 100 ਤੋਂ ਵੱਧ ਆਗੂਆਂ ਨੇ ਹਿੱਸਾ ਲਿਆ। ਪਾਰਟੀ ਆਗੂਆਂ ਨੂੰ ਇਹ ਸਖਤੀ ਨਾਲ ਹਦਾਇਤਾਂ ਕੀਤੀਆਂ ਗਈਆਂ ਕਿ ਚੋਣਾਂ ਸਿਰ ’ਤੇ ਹੋਣ ਕਾਰਨ ਕੋਈ ਵੀ ਆਗੂ ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਣਗੇ ਤੇ ਨਾ ਹੀ ਸੋਸ਼ਲ ਮੀਡੀਆ ’ਤੇ ਕੋਈ ਕਿਸੇ ਤਰ੍ਹਾਂ ਦੀਆਂ ਪੋਸਟਾਂ ਪਾਉਣਗੇ। ਪਾਰਟੀ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਨਵਜੋਤ ਸਿੱਧੂ ਵੱਲੋਂ ਖੜ੍ਹੇ ਕੀਤੇ ਗਏ ਫਰੰਟ ਤੋਂ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਤੇ ਸਿੱਧੂ ਬਾਰੇ ਚੱਲੀ ਚਰਚਾ ਦੌਰਾਨ ਉਸ ਨੂੰ ਬਹੁਤ ਸਿਆਸੀ ਭਾਅ ਨਾ ਦੇਣ ਦੀਆਂ ਵੀ ਹਦਾਇਤਾਂ ਕੀਤੀਆਂ ਹਨ।
ਹਾਲਾਂ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਮੀਟਿੰਗ ਵਿੱਚ ਸਿਰਫ ਇੱਕ ਘੰਟਾ ਹੀ ਰੁਕੇ ਪਰ ਬਾਕੀ ਆਗੂ ਦੇਰ ਰਾਤ ਤੱਕ ਮੀਟਿੰਗ ਵਿੱਚ ਹਾਜ਼ਰ ਰਹੇ। ਭਾਜਪਾ ਦੀ ਇਸ ਉਚ ਪੱਧਰੀ ਮੀਟਿੰਗ ਵਿੱਚ 23 ਵਿਧਾਨ ਸਭਾ ਦੀਆਂ ਸੀਟਾਂ ‘ਤੇ ਚੋਣ ਲੜਨ ਦੀ ਰਣਨੀਤੀ ਘੜੀ ਗਈ ਦੱਸੀ ਜਾ ਰਹੀ ਹੈ।
ਮੀਟਿੰਗ ਵਿੱਚ ਚੋਣਵੇਂ ਅਹੁਦੇਦਾਰਾਂ ਨੂੰ ਹੀ ਬੁਲਾਏ ਜਾਣ ਕਾਰਨ ਕਈ ਆਗੂ ਨਾਰਾਜ਼ ਹੋ ਗਏ। ਇਸ ਮੌਕੇ ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ, ਸਾਬਕਾ ਪ੍ਰਧਾਨ ਕਮਲ ਸ਼ਰਮਾ, ਜਨਰਲ ਸਕੱਤਰ ਮਨਜੀਤ ਸਿੰਘ ਰਾਏ, ਹਰਜੀਤ ਸਿੰਘ ਗਰੇਵਾਲ ਸਮੇਤ ਪਾਰਟੀ ਦੇ ਕਈ ਵਿਧਾਇਕ, ਬੋਰਡਾਂ ਦੇ ਚੇਅਰਮੈਨ ਸਮੇਤ ਹੋਰ ਕਈ ਅਹੁਦੇਦਾਰ ਹਾਜ਼ਰ ਸਨ।
ਕਈ ਆਗੂਆਂ ਨੇ ਤਾਂ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਕਾਰੋਬਾਰੀਆਂ ’ਤੇ ਪੈਂਦੇ ਆਮਦਨ ਕਰ ਵਿਭਾਗ ਦੇ ਛਾਪੇ ਮਾਰਨ ਦਾ ਮੁੱਦਾ ਵੀ ਚੁੱਕਿਆ ਗਿਆ।
Related Topics: Aam Aadmi Party, Arun Jaitley, navjot singh sidhu, Punjab BJP, Punjab Polls 2017