ਚੰਡੀਗੜ੍ਹ: ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਆਧਾਰਤ ਸਿੱਖ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ (ਐਸਐਫਜੇ) ਨੇ ਪੰਜਾਬ ਭਾਜਪਾ ਨੂੰ ‘ਪੰਜਾਬ ਰੈਫਰੈਂਡਮ 2020’ ਦੇ ਲਾਏ ਹੋਰਡਿੰਗਜ਼ ਉਤਾਰਨ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਐਸਐਫਜੇ ਵੱਲੋਂ ਰਾਜ ਭਰ ਵਿੱਚ ‘ਪੰਜਾਬ ਇੰਡੀਪੈਂਡਸ ਰੈਫਰੈਂਡਮ 2020’ ਦੇ ਹੋਰਡਿੰਗਜ਼ ਲਾਏ ਗਏ ਹਨ।
ਪੰਜਾਬ ਭਾਜਪਾ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਮੰਗ ਕੀਤੀ ਸੀ ਕਿ ਇਨ੍ਹਾਂ ਹੋਰਡਿੰਗਜ਼ ਨੂੰ ਹਟਾਇਆ ਜਾਵੇ। ਭਾਜਪਾ ਆਗੂਆਂ ਨੇ ਸਰਕਾਰ ਵੱਲੋਂ ਪੋਸਟਰ ਨਾ ਹਟਾਉਣ ਦੀ ਸੂਰਤ ਵਿੱਚ ਆਪ ਪੋਸਟਰ ਉਤਾਰਨ ਦੀ ਧਮਕੀ ਦਿੱਤੀ ਸੀ। ਭਾਜਪਾ ਦੀ ਪ੍ਰੈੱਸ ਕਾਨਫਰੰਸ ਦੇ ਜਵਾਬ ਵਿੱਚ ‘ਸਿੱਖਸ ਫ਼ਾਰ ਜਸਟਿਸ’ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਅੰਗਰੇਜ਼ੀ ਵਿੱਚ ਭਾਜਪਾ ਨੂੰ ਪੋਸਟਰਾਂ ਨੂੰ ਹੱਥ ਨਾ ਲਾਉਣ ਦੀ ਚਿਤਾਵਨੀ ਦਿੰਦਿਆਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਤਾੜਨਾ ਕੀਤੀ ਹੈ। ਵਟਸਐਪ ਸੁਨੇਹੇ ਵਿੱਚ ਵੀ ਪੋਸਟਰਾਂ ਨਾਲ ਛੇੜਛਾੜ ਕਰਨ ’ਤੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਖ਼ਲ ਦੀ ਮੰਗ ਕਰਦਿਆਂ ਇਨ੍ਹਾਂ ਹੋਰਡਿੰਗਜ਼ ਉੱਤੇ ਅਕਾਲ ਤਖ਼ਤ ਸਾਹਿਬ ਦੀ ਤਸਵੀਰ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ।