ਪੂਨੇ: “ਭਾਰਤ ਵਿੱਚ ਹੋ ਰਹੀਆਂ ਘਟਨਾਵਾਂ ਕਾਰਨ ਘੱਟਗਿਣਤੀਆਂ ਜਿਸ ਡਰ ਦੇ ਮਾਹੌਲ ਵਿੱਚ ਰਹਿ ਰਹੀਆਂ ਹਨ ਉਸ ਨੂੰ ਅਸਿਹਣਸ਼ੀਲਤਾ ਕਹਿਣਾ ਵਾਜਿਬ ਨਹੀਂ ਹੈ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੀ ਲੇਖਿਕਾ ਅਰੁੰਧਤੀ ਰਾਏ ਵੱਲੋਂ ਸ਼ਨੀਵਾਰ ਨੂੰ ਪੂਨੇ ਵਿੱਚ ਹੋਏ ਇੱਕ ਸਮਾਗਮ ਦੌਰਾਨ ਕੀਤਾ ਗਿਆ।
ਰਾਏ ਨੇ ਕਿਹਾ ਕਿ ” ਲੋਕ ਮਾਰੇ ਜਾ ਰਹੇ ਹਨ, ਜਿਉਂਦੇ ਜਲਾਏ ਜਾ ਰਹੇ ਹਨ ਤੇ ਜੋ ਵੀ ਹੋਰ ਹੋ ਰਿਹਾ ਹੈ ਉਸ ਨੂੰ ਅਸਿਹਣਸ਼ੀਲਤਾ ਕਹਿਣਾ ਹੀ ਕਾਫੀ ਨਹੀਂ ਹੈ, ਸਾਨੂੰ ਇਸ ਲਈ ਕੋਈ ਨਵਾਂ ਸ਼ਬਦ ਇਜਾਤ ਕਰਨਾ ਪਵੇਗਾ”।
ਰਾਏ ਨੇ ਕਿਹਾ ਕਿ “ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਿੰਦੂ ਰਾਸ਼ਟਰਵਾਦ ਦੇ ਨਾਮ ਥੱਲੇ ਬ੍ਰਾਹਮਣਵਾਦ ਨੂੰ ਫੈਲਾ ਰਹੀ ਹੈ ਤੇ ਭਾਰਤ ਦੇ ਸਮਾਜ ਸੁਧਾਰਕਾਂ ਨੂੰ ਮਹਾਨ ਹਿੰਦੂ ਬਣਾਇਆ ਜਾ ਰਿਹਾ ਹੈ ਜਦਕਿ ਭੀਮ ਰਾਓ ਅੰਬੇਦਕਰ ਵਾਂਗ ਕਈਆਂ ਨੇ ਹਿੰਦੂ ਧਰਮ ਨੂੰ ਛੱਡ ਦਿੱਤਾ ਸੀ”।
ਉਨ੍ਹਾਂ ਕਿਹਾ ਕਿ ਸਰਕਾਰ ਵੱਖੋ ਵੱਖ ਰਾਸ਼ਟਰੀ ਅਦਾਰਿਆਂ ਅਤੇ ਸੰਸਥਾਵਾਂ ਵਿੱਚ ਆਪਣੇ ਬੰਦਿਆਂ ਨੂੰ ਨਿਯੁਕਤ ਕਰਕੇ ਇਤਿਹਾਸ ਨੂੰ ਦੁਬਾਰਾ ਲਿਖਣ ਦਾ ਯਤਨ ਕਰ ਰਹੀ ਹੈ ਤੇ ਦਲਿਤਾਂ, ਮੁਸਲਮਾਨਾਂ, ਇਸਾਈਆਂ ਨੂੰ ਵੰਡਣ ਦੀ ਵੱਡੀ ਕੋਸ਼ਿਸ਼ ਹੈ।
55 ਸਾਲਾ ਬੂਕਰ ਇਨਾਮ ਜੇਤੂ ਲੇਖਿਕਾ ਅਰੁੰਧਤੀ ਰਾਏ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਹਾਤਮਾ ਫੁਲੇ ਸਮਾਤਾ ਪਰਿਸ਼ਦ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੀਤਾ ਜਿੱਥੇ ਉਨ੍ਹਾਂ ਨੂੰ ਮਹਾਤਮਾ ਜਯੋਤਿਬਾ ਫੁਲ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਵਾਲੀ ਜਗ੍ਹਾ ਤੇ ਇਕੱਠੇ ਹੋਏ ਆਰ.ਐਸ.ਐਸ ਨਾਲ ਸੰਬੰਧਿਤ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਮੈਂਬਰਾਂ ਵੱਲੋਂ ਅਰੁੰਧਤੀ ਰਾਏ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਖਿਲਾਫ ਰਾਸ਼ਟਰ-ਵਿਰੋਧੀ, ਭਾਰਤੀ ਸੈਨਾ ਵਿਰੋਧੀ ਅਤੇ ਪਾਕਿਸਤਾਨ ਪੱਖੀ ਹੋਣ ਦੇ ਨਾਅਰੇ ਲਗਾਏ।
ਜਿਕਰਯੋਗ ਹੈ ਕਿ ਰਾਏ ਵੱਲੋਂ ਦੋ ਹਫਤੇ ਪਹਿਲਾਂ ਭਾਰਤ ਵਿੱਚ ਘੱਟਣਿਤੀਆਂ ਅਤੇ ਦਲਿਤਾਂ ਤੇ ਹੋ ਰਹੇ ਹਮਲਿਆਂ ਦੇ ਵਿਰੋਧ ਦੇ ਚਲਦਿਆਂ 1989 ਵਿੱਚ ਮਿਲਿਆ ਰਾਸ਼ਟਰੀ ਸਨਮਾਨ ਵਾਪਿਸ ਕਰ ਦਿੱਤਾ ਗਿਆ ਸੀ।