ਅਹਿਮਦਾਬਾਦ: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ ਬਹੁਮਤ ਹਾਸਲ ਕਰਕੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ।
ਸੋਮਵਾਰ (18 ਦਸੰਬਰ) ਸਵੇਰੇ ਆਏ ਰੁਝਾਨਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਫਸਵੀਂ ਟੱਕਰ ਸੀ ਅਤੇ ਗੁਜਰਾਤ ਦਾ ਨਤੀਜਾ ਉਤਰਾਅ-ਚੜ੍ਹਾਅ ਵਾਲਾ ਲੱਗਿਆ। ਦੁਪਹਿਰ ਬਾਅਦ ਭਾਜਪਾ ਅੱਗੇ ਹੋ ਗਈ ਅਤੇ ਅੰਤ ਵਿੱਚ ਪਾਰਟੀ ਨੇ ਕੁੱਲ 182 ਮੈਂਬਰੀ ਵਿਧਾਨ ਸਭਾ ਵਿੱਚ 99 ਸੀਟਾਂ ਜਿੱਤੀਆਂ। ਹਾਲਾਂਕਿ ਹਿੰਦੂਤਵੀ ਵਿਚਾਰਧਾਰਾ ਵਾਲੀ ਭਗਵਾ ਪਾਰਟੀ ਦੇ ਆਗੂਆਂ ਵਲੋਂ 150 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਸਨ। ਕਾਂਗਰਸ ਨੂੰ ਕੁੱਲ 80 ਸੀਟਾਂ ਮਿਲੀਆਂ। 2012 ਦੀਆਂ ਚੋਣਾਂ ਵਿੱਚ ਉਸ ਕੋਲ 61 ਸੀਟਾਂ ਸਨ। ਹੋਰਾਂ ਦੇ ਖਾਤੇ ਵਿੱਚ ਤਿੰਨ ਸੀਟਾਂ ਗਈਆਂ। ਭਾਜਪਾ ਆਗੂਆਂ ਨੇ ਇਸ ਗੁਜਰਾਤ ਵਿੱਚ ਪਾਰਟੀ ਦਾ ਵੋਟ ਫੀਸਦ ਪਿਛਲੀ ਵਾਰ ਦੇ 47.85 ਫੀਸਦੀ ਤੋਂ ਵਧ ਕੇ 49.10 ਫੀਸਦੀ ਰਹਿਣ ‘ਤੇ ਤਸੱਲੀ ਪ੍ਰਗਟਾਈ। ਜਦਕਿ ਗੁਜਰਾਤ ‘ਚ ਕਾਂਗਰਸ ਦਾ ਵੋਟ ਫੀਸਦ ਵੀ 38.93 ਤੋਂ ਵਧ ਕੇ 41.5 ਫੀਸਦੀ ਰਿਹਾ।
ਇਸ ਦੌਰਾਨ ਨਰਿੰਦਰ ਮੋਦੀ ਦੇ ਆਪਣੇ ਜ਼ਿਲ੍ਹੇ ਵਾਡਨਗਰ ਵਿੱਚ ਪੈਂਦੇ ਉਂਝਾ ਹਲਕੇ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਸਰਕਾਰ ਦੇ ਪੰਜ ਮੰਤਰੀਆਂ ਨੂੰ ਹਾਰ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚ ਕੈਬਨਿਟ ਮੰਤਰੀ ਆਤਮਾਰਾਮ ਪਰਮਾਰ ਤੇ ਚਿਮਨਭਾਈ ਸਪਾਰੀਆ ਸ਼ਾਮਲ ਹਨ। ਰਾਜ ਮੰਤਰੀਆਂ ਸ਼ੰਕਰ ਚੌਧਰੀ, ਕੇਸ਼ਾਜੀ ਚੌਹਾਨ ਤੇ ਸ਼ਬਦਸ਼ਰਨ ਤਾਡਵੀ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਗੁਜਰਾਤ ਵਿੱਚ 5.5 ਲੱਖ ਵੋਟਰਾਂ ਨੇ ਨੋਟਾ (ਕਿਸੇ ਨੂੰ ਵੀ ਵੋਟ ਨਹੀਂ) ਦਾ ਬਟਨ ਦੱਬਿਆ, ਜਦੋਂ ਕਿ ਹਿਮਾਚਲ ਵਿੱਚ 33 ਹਜ਼ਾਰ ਵੋਟਰਾਂ ਨੇ ਨੋਟਾ ਦਾ ਬਟਨ ਨੱਪਿਆ।
2014 ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 60 ਫ਼ੀਸਦ ਵੋਟਾਂ ਪਈਆਂ ਸਨ ਜਦੋਂ ਕਿ ਮੌਜੂਦਾ ਵਿਧਾਨ ਸਭਾ ਚੋਣਾਂ ’ਚ ਇਸ ਪਾਰਟੀ ਹਿੱਸੇ 49.1 ਫ਼ੀਸਦ ਵੋਟਾਂ ਆਈਆਂ ਹਨ।