ਨਵੀਂ ਦਿੱਲੀ, (17 ਮਈ 2014):- ਸਮੁੱਚੇ ਭਾਰਤ ਵਿੱਚੋਂ ਭਾਜਪਾ ਨੂੰ ਮਿਲੀ ਵੱਡੀ ਜਿੱਤ ਅਤੇ ਰਾਜਧਾਨੀ ਦਿੱਲੀ ਵਿੱਚੋਂ ਲੋਕ ਸਭਾ ਦੀਆਂ ਸਾਰੀਆਂ ਸੱਤ ਸੀਟਾਂ ਉੱਪਰ ਜਿੱਤ ਦਰਜ਼ ਕਰਵਾਉਣ ਦਾ ਦਿੱਲੀ ਦੀ ਸਿੱਖ ਰਾਜਨੀਤੀ ਉੱਤੇ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ।ਪੰਜਾਬ ਤੋਂ ਅਕਾਲੀ ਦਲ ਦੀ ਕਾਰਗੁਜ਼ਾਰੀ ਸੰਤੁਸ਼ਟੀ ਜਨਕ ਨਾ ਹੋਣ ਕਾਰਣ ਅਤੇ ਭਾਜਪਾ ਨੂੰ ਦੇਸ਼ ਭਰ ‘ਚੋਂ ਮਿਲੀ ਬੇਮਿਸਾਲ ਸਫਲਤਾ ਦੇ ਮੱਦੇਨਜ਼ਰ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਹਲਚਲ ਹੋਣ ਦੀ ਉਮੀਦ ਹੈ ।ਅੰਮ੍ਰਿਤਸਰ ਤੋਂ ਬਾਜਪਾ ਆਗੂ ਅਰੁਣ ਜੇਤਲੀ ਦੀ ਵੱਡੀ ਹਾਰ ਦਿੱਲੀ ਦੀ ਰਾਜਨੀਤੀ ਕਿਸੇ ਨਾ ਕਿਸੇ ਢੰਗ ਨਾਲ ਜਰੂਰ ਪ੍ਰਭਾਵ ਪਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਦਾ ਮੰਨਣਾ ਹੈ ਕਿ ਦਿੱਲੀ ਅੰਦਰ ਭਾਜਪਾ ਤੇ ਅਕਾਲੀ ਦਲ ਦੀ ਸਾਂਝ ਤਾਂ ਹੈ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ਅੜ ਕੇ ਦੋ ਸੀਟਾਂ ਅਕਾਲੀ ਦਲ ਵੱਲੋਂ ਲੜੀਆਂ ਗਈਆਂ ਸਨ ਤੇ ਦੋ ਹਲਕਿਆਂ ਅੰਦਰ ਭਾਜਪਾ ਦੇ ਚੋਣ ਨਿਸ਼ਾਨ ’ਤੇ ਅਕਾਲੀਆਂ ਨੇ ਆਪਣੇ ਉਮੀਦਵਾਰ ਜਿੱਤਵਾਏ ਸਨ। ਇਸ ਤਰ੍ਹਾਂ 4 ਹਲਕਿਆਂ ਅੰਦਰ ਅਕਾਲੀ ਜਿੱਤੇ ਸਨ। ਹੁਣ ਹਾਲਾਤ ਬਦਲੇ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਹੋਣ ਦੀ ਸੂਰਤ ’ਚ ਹੁਣ ਹਾਲਤ ਹੋਰ ਹੋ ਗਏ ਹਨ। ਭਾਜਪਾ ਦੇ ਉਚ ਆਗੂ ਇਹ ਸਮਝ ਰਹੇ ਹਨ ਕਿ ਮੋਦੀ ਲਹਿਰ ਦਾ ਅਸਰ ਦਿੱਲੀ ਦੇ ਨਾਲ-ਨਾਲ ਹਰਿਆਣਾ ਅੰਦਰ ਵੀ ਪੈ ਸਕਦਾ ਹੈ। ਜਿਥੇ ਇਸੇ ਸਾਲ ਅਕਤੂਬਰ ‘ਚ ਮੌਜੂਦਾ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ ਤੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵੀ ਨਾਲ ਹੀ ਹੋ ਸਕਦੀਆਂ ਹਨ।
ਦਿੱਲੀ ਅੰਦਰ ਸਿੱਖ ਵੋਟਰ 10 ਤੋਂ 15 ਵਿਧਾਨ ਸਭਾ ਹਲਕਿਆਂ ਅੰਦਰ ਅਸਰਦਾਰ ਸਾਬਤ ਹੁੰਦੇ ਆਏ ਹਨ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸਿੱਖਾਂ ਅੰਦਰ ਆਪਣੀ ਥਾਂ ਬਣਾ ਲਈ ਹੈ। ਪੰਜਾਬ ਅੰਦਰ ‘ਆਪ’ ਦੇ ਜਿੱਤੇ 4 ਉਮੀਦਵਾਰਾਂ ਤੇ ਪੇਂਡੂ ਹਲਕਿਆਂ ’ਚ ਮਿਲੀਆਂ ਵੋਟਾਂ ਕਰਕੇ ਵੀ ‘ਆਪ’ ਨੂੰ ਦਿੱਲੀ ਦੇ ਸਿੱਖਾਂ ਅੰਦਰ ਆਪਣੀ ਪਹੁੰਚ ਬਣਾਉਣੀ ਔਖੀ ਨਹੀਂ ਰਹੇਗੀ। ਇਸ ਲਈ ‘ਆਪ’ ਹੁਣ ਦਿੱਲੀ ਅੰਦਰ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਸਿਰਦਰਦੀ ਬਣ ਸਕਦੀ ਹੈ।