ਨਵੀਂ ਦਿੱਲੀ: ਭਾਰਤ ਦੀਆਂ ਸੱਤ ਕੌਮੀ ਪਾਰਟੀਆਂ ਦੀ 2016-17 ਵਿੱਚ ਕੁੱਲ ਆਮਦਨ 1559.17 ਕਰੋੜ ਰੁਪਏ ਘੋਸ਼ਿਤ ਕੀਤੀ ਗਈ ਹੈ ਜਦੋਂ ਕਿ ਇਸ ਵਿੱਚ ਭਾਜਪਾ ਦੀ ਸਭ ਤੋਂ ਵਧ ਆਮਦਨ 1034.27 ਕਰੋੜ ਰੁਪਏ ਹੈ। ਇਹ ਜਾਣਕਾਰੀ ਇਥੇ ਇਕ ਰਿਪੋਰਟ ਵਿੱਚ ਦਿੱਤੀ ਗਈ। 2016-17 ਦੌਰਾਨ ਕੌਮੀ ਪਾਰਟੀਆਂ ਦੀ ਕੁੱਲ ਆਮਦਨ ਦਾ ਇਹ 66.34 ਫੀਸਦੀ ਹਿੱਸਾ ਹੈ। ਇਹ ਰਿਪੋਰਟ ਦਿੱਲੀ ਆਧਾਰਤ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਜਾਰੀ ਕੀਤੀ ਗਈ।
ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਦੀ ਕੁੱਲ ਆਮਦਨ 225.36 ਕਰੋੜ ਰੁਪਏ ਦਰਸਾਈ ਗਈ ਹੈ ਜੋ ਕਿ ਪਾਰਟੀਆਂ ਦੀ ਕੁੱਲ ਆਮਦਨ ਦਾ 14.45 ਫੀਸਦੀ ਬਣਦਾ ਹੈ। ਆਮਦਨ ਦੇ ਲਿਹਾਜ਼ ਨਾਲ ਸੀਪੀਆਈ ਸਭ ਤੋਂ ਗਰੀਬ ਪਾਰਟੀ ਵਜੋਂ ਉਭਰੀ ਹੈ ਜਿਸ ਦੀ ਆਮਦਨ 2.08 ਕਰੋੜ ਦਰਸਾਈ ਗਈ ਹੈ ਜੋ ਪਾਰਟੀਆਂ ਦੀ ਕੁੱਲ ਆਮਦਨ ਦਾ 0.13 ਫੀਸਦੀ ਬਣਦਾ ਹੈ।
ਰਿਪੋਰਟ ਅਨੁਸਾਰ 2015-16 ਅਤੇ 2016-17 ਦੇ ਮਾਲੀ ਵਰ੍ਹੇ ਦੌਰਾਨ ਜਿੱਥੇ ਭਾਜਪਾ ਦੀ ਆਮਦਨ 81.18% ਵਧੀ ਹੈ ਉੱਥੇ ਕਾਂਗਰਸ ਦੀ ਆਮਦਨ 14% ਘਟੀ ਹੈ।
ਬਸਪਾ ਦੀ ਕੁੱਲ ਆਮਦਨ 173.58 ਕਰੋੜ ਦੱਸੀ ਗਈ ਹੈ। ਵੱਖ ਵੱਖ ਪਾਰਟੀਆਂ ਵੱਲੋਂ ਭਰੀ ਆਮਦਨ ਕਰ ਰਿਟਰਨ ਦੁਆਰਾ ਇਹ ਡੇਟਾ ਲਿਆ ਗਿਆ ਹੈ।
ਸੱਤ ਕੌਮੀ ਪਾਰਟੀਆਂ ਨੇ ਕੁੱਲ ਖਰਚਾ 1228.26 ਕਰੋੜ ਰੁਪਿਆ ਦਿਖਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2016-17 ਦੌਰਾਨ ਬਸਪਾ ਦਾ 70 ਫੀਸਦੀ ਕੁੱਲ ਆਮਦਨ ਦਾ, ਭਾਜਪਾ ਦਾ 31 ਫੀਸਦੀ ਅਤੇ ਸੀਪੀਆਈ ਦਾ 6 ਫੀਸਦੀ ਪੈਸਾ ਅਣਵਰਤਿਆ ਹੈ।