ਚੰਡੀਗੜ੍ਹ: ਬੀਤੇ ਕੱਲ (10 ਨਵੰਬਰ ਨੂੰ) ਵੋਟਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਏ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਭਾਜਪਾ-ਜਨਤਾ ਦਲ (ਯੂ) ਗਠਜੋੜ (ਐਨ.ਡੀ.ਏ.) ਦੀ ਜਿੱਤ ਪਰ ਨਿਤਿਸ਼ ਕੁਮਾਰ ਨੂੰ ‘ਵੱਡੇ ਭਾਈ’ ਤੋਂ ‘ਨਿੱਕਾ’ ਬਣਾਉਣ ਦੀ ਰਣਨੀਤੀ ਦੀ ਰਣਨੀਤੀ ਦੇ ਮੁਤਾਬਿਕ ਹੀ ਆਏ ਹਨ। 243 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ ਘੱਟੋ-ਘੱਟ 122 ਸੀਟਾਂ ਦੀ ਲੋੜ ਹੁੰਦੀ ਹੈ। ਐਨ.ਡੀ.ਏ. ਨੂੰ ਇਸ ਵਾਰ 125 ਸੀਟਾਂ ਮਿਲੀਆਂ ਹਨ ਜਿਨ੍ਹਾਂ ਵਿਚੋਂ ਭਾਜਪਾ ਨੇ 74 ਸੀਟਾਂ ਅਤੇ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੁ) ਨੂੰ 43 ਸੀਟਾਂ ਮਿਲੀਆਂ ਹਨ। ਇੰਝ ਭਾਜਪਾ ਹੁਣ ਗਠਜੋੜ ਵਿਚਲੀ ਵੱਡੀ ਧਿਰ ਬਣ ਗਈ ਹੈ।
ਚਿਰਾਗ ਨੇ ਨਿਤਿਸ਼ ਦੇ ਕਰੀਬ 75 ਦੀਵੇ ਬੁਝਾਏ:
ਮਰਹੂਮ ਰਾਜਨੇਤਾ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਨੇ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਐਨ.ਡੀ.ਏ. ਤੋਂ ਵੱਖ ਕੇ ਵੋਟਾਂ ਲੜਨ ਦਾ ਐਲਾਨ ਕਰ ਦਿੱਤਾ ਸੀ। ਰੌਚਕ ਗੱਲ ਇਹ ਰਹੀ ਕਿ ਚਿਰਾਗ ਪਾਸਵਾਨ ਨੇ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ. (ਯੂ) ਦੇ ਉਮੀਦਵਾਰਾਂ ਵਿਰੁੱਧ ਤਾਂ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹੇ ਕੀਤੇ ਪਰ ਭਾਜਪਾ ਦੇ ਉਮੀਦਵਾਰਾਂ ਖਿਲਾਫ ਨਹੀਂ।
ਇਹ ਮੰਨਿਆ ਜਾ ਰਿਹਾ ਸੀ ਕਿ ਚਿਰਾਗ ਪਾਸਵਾਨ ਦਾ ਗਠਜੋੜ ਵੱਖ ਹੋ ਕੇ ਨਿਤਿਸ਼ ਕੁਮਾਰ ਨੂੰ ਨਿਸ਼ਾਨਾ ਬਣਾਉਣ ਭਾਜਪਾ ਦੀ ਹੀ ਰਣਨੀਤੀ ਦਾ ਹਿੱਸਾ ਸੀ। ਭਾਜਪਾ ਚਾਹੁੰਦੀ ਸੀ ਕਿ ਐਨ.ਡੀ.ਏ. ਗਠਜੋੜ ਸੱਤਾ ਵਿੱਚ ਆ ਜਾਵੇ ਪਰ ਗਠਜੋੜ ਦੇ ਅੰਦਰ ਜੇ.ਡੀ. (ਯੂ.) ਦੀ ਥਾਵੇਂ ਭਾਜਪਾ ਵੱਡੀ ਧਿਰ ਬਣ ਜਾਵੇ।
ਚਿਰਾਜ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ ਦੇ 137 ੳਮੁੀਦਵਾਰਾਂ ਵਿੱਚੋਂ ਸਿਰਫ ਇੱਕ ਨੂੰ ਹੀ ਜਿੱਤ ਨਸੀਬ ਹੋਈ ਪਰ ਉਹਨਾਂ ਨੇ ਕਰੀਬ 75 ਸੀਟਾਂ ਉੱਤੇ ਨਿਤਿਸ਼ ਕੁਮਾਰ ਦੀ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਵਿੱਚ ਵੱਡੀ ਭੂਮਿਕਾ ਅਦਾ ਕੀਤੀ।
ਤੇਜੱਸਵੀ ਯਾਦਵ ਲਈ ਕਾਂਗਰਸ ਦਾ ਬੋਝ ਭਾਰੀ ਸਾਬਿਤ ਹੋਇਆ:
ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜੱਸਵੀ ਯਾਦਵ ਨੇ ਚੋਣ ਪ੍ਰਚਾਰ ਵਿੱਚ ਜੋ ਤੇਜੀ ਲਿਆਂਦੀ ਸੀ ਉਸ ਦੇ ਬਾਜੂਦ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੀ ਅਗਵਾਈ ਵਾਲਾ ਮਹਾਂਗਠਜੋੜ ਐਨ.ਡੀ.ਏ. ਤੋਂ ਅੱਗੇ ਨਹੀਂ ਨਿਕਲ ਸਕਿਆ ਅਤੇ ਇਸ ਗਠਜੋੜ ਦੀ ਗੱਡੀ 117 ਦੇ ਅੰਕੜੇ ਤੱਕ ਹੀ ਪਹੁੰਚ ਸਕੀ।
ਰਾਸ਼ਟਰੀ ਜਨਤਾ ਦਲ ਨੇ 144 ਸੀਟਾਂ ਉੱਤੇ ਉਮੀਦਵਾਰ ਖੜ੍ਹੇ ਕੀਤੇ ਸਨ ਜਿਹਨਾਂ ਵਿੱਚੋਂ 75 ਨੂੰ ਕਾਮਯਾਬੀ ਮਿਲੀ ਪਰ ਮਹਾਗਠਜੋੜ ਕਾਂਗਰਸ ਦੀ ਅਤਿ ਢਿੱਲੀ ਕਾਰਗਾਜਾਰੀ ਕਾਰਨ ਐਨ.ਡੀ.ਏ. ਤੋਂ ਫਾਡੀ ਰਹਿ ਗਿਆ ਕਿਉਂਕਿ ਕਾਂਗਰਸ ਨੇ ਮਹਾਂਗਠਜੋੜ ਵਿਚੋਂ 70 ਸੀਟਾਂ ਉੱਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਹਨਾਂ ਵਿੱਚੋਂ ਸਿਰਫ 19 ਉਮੀਦਵਾਰ ਹੀ ਚੋਣ ਜਿੱਤ ਸਕੇ।