ਬਰਨਾਲਾ (20 ਮਾਰਚ , 2016): ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ 2017 ਦੀਆਂ ਚੋਣਾਂ ਵਿੱਚ ਭਾਜਪਾ ਨੇ ਮਾਲਵੇ ਦੀਆਂ 5 ਸੀਟਾਂ ‘ਤੇ ਦਾਅਵੇਦਾਰੀ ਜਤਾਈ ਹੈ।ਭਾਜਪਾ ਦੇ ਕੌਮੀ ਸੀਨੀਅਰ ਆਗੂ ਅਤੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਸ: ਹਰਜੀਤ ਸਿੰਘ ਗਰੇਵਾਲ ਨੇ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਮੰਗੀਆਂ ਜਾ ਰਹੀਆਂ ਸੀਟਾਂ ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ ਅਤੇ ਪਟਿਆਲਾ ਸੀਟ ਸ਼ਾਮਿਲ ਹਨ।
ਸ: ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਭਾਜਪਾ ਹਾਈਕਮਾਂਡ ਵੱਲੋਂ ਮੀਟਿੰਗ ਵਿਚ ਇਨ੍ਹਾਂ ਸੀਟਾਂ ਬਾਰੇ ਬਕਾਇਦਾ ਵਿਚਾਰ-ਵਟਾਂਦਰਾ ਕਰ ਕੇ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲਬਾਤ ਚੱਲ ਰਹੀ ਹੈ।
ਜਦੋਂ ਸ: ਗਰੇਵਾਲ ਨੂੰ ਪੁੱਛਿਆ ਗਿਆ ਕਿ ਭਾਜਪਾ ਨੂੰ ਦਿੱਤੀਆਂ ਜਾ ਰਹੀਆਂ 23 ਸੀਟਾਂ ਵਿਚੋਂ ਕੁੱਝ ਸੀਟਾਂ ਦੇ ਅਦਲਾ-ਬਦਲਾ ਕੀਤੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਵੈਸੇ ਤਾਂ ਕੁੱਝ ਸੀਟਾਂ ਦੀ ਅਦਲਾ-ਬਦਲੀ ਹੋਣ ਦੀ ਪੂਰੀ ਸੰਭਾਵਨਾ ਹੈ ਪਰ ਵਿਧਾਨ ਸਭਾ ਹਲਕਾ ਬਰਨਾਲਾ ਵਿਖੇ ਭਾਜਪਾ ਹਰ ਹਾਲਤ ਵਿਚ ਕਮਲ ਦੀ ਨਿਸ਼ਾਨ ‘ਤੇ ਚੋਣ ਲੜੇਗੀ ਕਿਉਂਕਿ ਜਿਨ੍ਹਾਂ ਸੀਟਾਂ ਉੱਪਰ ਭਾਜਪਾ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਹੈ, ਵਿਖੇ ਸ਼ਹਿਰੀ ਅਤੇ ਹਿੰਦੂ ਵੋਟ ਜ਼ਿਆਦਾ ਹੈ ਅਤੇ ਭਾਜਪਾ ਇਨ੍ਹਾਂ ਸੀਟਾਂ ਨੂੰ ਜਿੱਤਣ ਦੀ ਸਮਰੱਥਾ ਰੱਖਦੀ ਹੈ।