ਪਟਨਾ ਸਾਹਿਬ: ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਉਪਮਹਾਂਦੀਪ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਬਿਹਾਰ ਵਿਧਾਨਸਭਾ ਚੋਣਾਂ ਦੇ ਨਤੀਜੇ ਬੀਤੇ ਦਿਨ ਸਾਹਮਣੇ ਆ ਗਏ। ਬਿਹਾਰ ਚੋਣਾਂ ਵਿੱਚ ਮੁੱਖ ਮੁਕਾਬਲਾ ਮਹਾ ਗਠਬੰਧਨ ਜਿਸ ਵਿੱਚ ਮੁੱਖ ਤੌਰ ਤੇ ਰਾਸ਼ਟਰੀ ਜਨਤਾ ਦਲ, ਜਨਤਾ ਦਲ ਯੂਨਾਈਟਿਡ, ਕਾਂਗਰਸ ਪਾਰਟੀਆਂ ਸ਼ਾਮਿਲ ਸਨ ਅਤੇ ਭਾਰਤੀ ਜਨਤਾ ਪਾਰਟੀ ਤੇ ਉਸ ਦੀਆਂ ਸਹਿਯੋਗੀ ਧਿਰਾਂ ਦੇ ਗਠਜੋੜ ਐਨ. ਡੀ. ਏ ਦਰਮਿਆਨ ਸੀ।
ਬੀਤੇ ਦਿਨ ਐਨਾਣੇ ਗਏ ਨਤੀਜਿਆਂ ਵਿਚ ਸੂਬੇ ਦੀਆਂ 243 ਵਿਧਾਨ ਸਭਾ ਸੀਟਾਂ ਵਿੱਚੋਂ ਮਹਾ-ਗਠਬੰਧਨ 178 ਸੀਟਾਂ ਹਾਸਲ ਕਰਕੇ ਖਾਸ ਬਹੁਮਤ (ਦੋ-ਤਿਹਾਈ) ਹਾਸਲ ਕਰ ਗਿਆ ਜਦਕਿ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਕੁੱਲ ਮਿਲਾ ਕੇ 58 ਸੀਟਾਂ ਹੀ ਮਿਲੀਆਂ। ਮਹਾਂ-ਗਠਬੰਧਨ ਦੀ ਜਿੱਤ ਤੋਂ ਬਾਅਦ ਨਿਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਤੈਅ ਹੋ ਗਿਆ ਹੈ। ਹਲਾਂਕਿ ਇਨ੍ਹਾਂ ਚੋਣਾਂ ਦੇ ਪ੍ਰਚਾਰ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਬੀ.ਜੇ.ਪੀ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ 26 ਰੈਲੀਆਂ ਕੀਤੀਆਂ ਗਈਆਂ ਸਨ ਪਰ ਬਿਹਾਰ ਦੇ ਲੋਕਾਂ ਨੇ ਮੋਦੀ ਨੂੰ ਇਸ ਵਾਰ ਨਕਾਰ ਦਿੱਤਾ।
ਇਨ੍ਹਾਂ ਚੋਣ ਨਤੀਜਿਆਂ ਸੰਬੰਧੀ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਸਿੱਖ ਵਿਦਵਾਨ ਸ. ਅਜਮੇਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਇਹ ਚੋਣ ਨਤੀਜੇ ਸਿਰਫ ਇੱਕ ਸੂਬੇ ਦੀ ਵਿਧਾਨ ਸਭਾ ਚੋਣਾਂ ਦੇ ਹਨ ਪਰ ਮੌਜੂਦਾ ਹਾਲਾਤਾਂ ਅਨੁਸਾਰ ਇਨ੍ਹਾਂ ਦੀ ਮਹੱਤਤਾ ਦੇਸ਼ ਵਿਆਪੀ ਹੈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ ਵੱਲੋਂ ਇਨ੍ਹ੍ਹਾਂ ਚੋਣਾਂ ਨੂੰ ਜਿੱਤਣ ਲਈ ਪੂਰਾ ਜੋਰ ਲਗਾਇਆ ਗਿਆ ਸੀ ਕਿਉਂਕਿ ਕੇਂਦਰ ਵਿੱਚ ਅਤੇ ਕਈ ਹੋਰ ਰਾਜਾਂ ਵਿੱਚ ਸਰਕਾਰ ਬਣਾੳਣ ਤੋਂ ਬਾਅਦ ਪੂਰੇ ਭਾਰਤ ਵਿੱਚ ਹਿੰਦੂਤਵ ਦੇ ਅਜੈਂਡੇ ਨੂੰ ਲਾਗੂ ਕਰਨ ਲਈ ਬਿਹਾਰ ਚੋਣਾਂ ਦੀ ਬਹੁੱਤ ਵੱਡੀ ਅਹਿਮੀਅਤ ਸੀ।
ਅਜਮੇਰ ਸਿੰਘ ਅਨੁਸਾਰ ਬੀ.ਜੇ.ਪੀ ਵੱਲੋਂ ਹਿੰਦੂ ਮੁਸਲਿਮ ਦੇ ਫਸਾਦ ਨੂੰ ਅਜੈਂਡਾ ਬਣਾ ਕੇ ਇਹ ਚੋਣਾਂ ਲੜੀਆਂ ਗਈਆਂ, ਜਿਸ ਤਹਿਤ ਬੀ.ਜੇ.ਪੀ ਵੱਲੋਂ ਪੂਰੀ ਤਰ੍ਹਾਂ ਮੁਸਲਿਮ ਵਿਰੋਧੀ ਪ੍ਰਚਾਰ ਕੀਤਾ ਗਿਆ।ਪਰ ਚੋਣ ਨਤੀਜਿਆਂ ਨੇ ਸਾਫ ਕਰ ਦਿੱਤਾ ਕਿ ਬੀ.ਜੇ.ਪੀ ਦੇ ਉਸ ਅਜੈਂਡੇ ਨੂੰ ਬਿਹਾਰ ਦੇ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਆਰ ਐਸ ਐਸ ਬੀ.ਜੇ.ਪੀ ਜਰੀਏ ਹਿੰਦੂ ਫਾਸ਼ੀਵਾਦ ਦੇ ਅਜੈਂਡੇ ਨੂੰ ਭਾਰਤ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਜੋ ਅਜੇ ਕਾਮਯਾਬ ਹੁੰਦਾ ਨਜ਼ਰ ਨਹੀਂ ਆ ਰਿਹਾ।ਇਸ ਦਾ ਕਾਰਨ ਹਿੰਦੂ ਧਰਮ ਵਿੱਚ ਜਾਤ ਪਾਤ ਦੀ ਵੰਡ ਨੂੰ ਦੱਸਦਿਆਂ ਉਨ੍ਹਾਂ ਕਿਹਾ ਕਿ ਬੀ.ਜੇ.ਪੀ ਦੇ ਹਿੰਦੂਤਵ ਦੇ ਅਜੈਂਡੇ ਵਿੱਚ ਅਖੌਤੀ ਨੀਵੀ ਜਾਤ ਵਾਲੇ ਲੌਕ ਕੋਈ ਅਹਿਮੀਅਤ ਨਹੀਂ ਰੱਖਦੇ ਤੇ ਸਿਰਫ ਉੱਚੀ ਜਾਤ ਵਾਲਾ ਹਿੰਦੂ ਹੀ ਰਾਜ ਕਰ ਸਕਦਾ ਹੈ।ਇਸ ਲਈ ਬੀ.ਜੇ.ਪੀ ਹਰ ਜਗ੍ਹਾ ਤੇ ਅਖੌਤੀ ਉੱਚੀ ਜਾਤ ਦੀ ਵੋਟ ਤਾਂ ਹਾਸਿਲ ਕਰ ਲੈਂਦੀ ਹੈ ਪਰ ਅਖੌਤੀ ਨੀਵੀ ਜਾਤ ਦੇ ਲੌਕਾਂ ਦੀ ਵੋਟ ਹਾਸਿਲ ਕਰਨ ਵਿੱਚ ਉਹ ਨਾਕਾਮਯਾਬ ਰਹੀ ਹੈ।
ਅਜਮੇਰ ਸਿੰਘ ਨੇ ਕਿਹਾ ਕਿ ਬੀ.ਜੇ.ਪੀ ਦੀ ਇਸ ਹਾਰ ਦਾ ਅਸਰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੇ ਵੀ ਪਵੇਗਾ।ਉਨ੍ਹਾਂ ਅਨੁਸਾਰ ਇਸ ਹਾਰ ਨਾਲ ਜਿੱਥੇ ਬੀ.ਜੇ.ਪੀ ਨੂੰ ਪੰਜਾਬ ਵਿੱਚ ਅਕਾਲੀ ਦਲ ਨਾਲ ਸਾਂਝ ਕਾਇਮ ਰੱਖਣ ਲਈ ਮਜਬੂਰ ਹੋਣਾ ਪਵੇਗਾ ਉਸ ਦੇ ਨਾਲ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਵੀ ਇਸ ਜਿੱਤ ਨਾਲ ਜਰੂਰ ਹੌਂਸਲਾ ਮਿਲੇਗਾ।