ਫਤਿਹਗੜ੍ਹ ਸਾਹਿਬ: ਭਾਈ ਪਰਮਜੀਤ ਸਿੰਘ ਭਿਉਰਾ ਦੇ ਪਿਤਾ ਸ. ਜਗਜੀਤ ਸਿੰਘ ਜੀ ਦੇ ਬੀਤੇ ਦਿਨੀਂ ਹੋਏ ਅਕਾਲ ਚਲਾਣੇ ਉੱਤੇ ਡੂੰਘੇ ਦੁਖ ਦਾ ਇਜ਼ਹਾਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਭਿਉਰਾ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਸ. ਮਾਨ ਨੇ ਕਿਹਾ ਕਿ ਇਸ ਪਰਿਵਾਰ ਦੀ ਖ਼ਾਲਸਾ ਪੰਥ ਨੂੰ ਵੱਡੀ ਦੇਣ ਹੈ।
ਉਨ੍ਹਾਂ ਕਿਹਾ ਕਿ ਸ. ਜਗਜੀਤ ਸਿੰਘ ਨੇ ਖੁਦ ਫੌਜ ਦੀ ਲੰਮੀ ਸੇਵਾ ਕੀਤੀ ਅਤੇ ਬੱਚਿਆਂ ਨੂੰ ਵੀ ਗੁਰਸਿੱਖੀ ਜ਼ਾਬਤੇ ਵਿਚ ਰਹਿਣ ਦੀ ਸਮੇਂ ਸਮੇਂ ਨਾਲ ਹਦਾਇਤ ਦਿੰਦੇ ਰਹੇ। ਜਿਸ ਦੀ ਬਦੌਲਤ ਭਾਈ ਪਰਮਜੀਤ ਸਿੰਘ ਭਿਉਰਾ ਨੇ ਵੱਡੀ ਕੁਰਬਾਨੀ ਕਰਕੇ ਕੌਮੀ ਸੇਵਾ ਵਿ ਵੱਡਮੁੱਲਾ ਯੋਗਦਾਨ ਪਾਇਆ ਅਤੇ ਉਹ ਅੱਜ ਵੀ ਜਾਬਰ ਹੁਕਮਰਾਨਾਂ ਦੀਆਂ ਕਾਲ-ਕੋਠੜੀਆਂ ਵਿਚ ਸਿੱਖ ਕੌਮ ਦਾ ਆਪਣਾ ਘਰ ਬਣਾਉਣ ਹਿੱਤ ਅਡੋਲ ਹੋ ਕੇ ਖ਼ਾਲਸਾ ਪੰਥ ਦੀ ਆਵਾਜ਼ ਬਣਕੇ ਵਿਚਰ ਰਹੇ ਹਨ।
ਇਸ ਮੌਕੇ ਮਾਨ ਦਲ ਦੇ ਯੂਥ ਪ੍ਰਧਾਨ ਸ. ਪ੍ਰਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਕੁਲਦੀਪ ਸਿੰਘ ਦੁਭਾਲੀ, ਪਪਲਪ੍ਰੀਤ ਸਿੰਘ ਜਰਨਲ ਸਕੱਤਰ ਯੂਥ, ਨਾਜ਼ਰ ਸਿੰਘ ਕਾਹਨਪੁਰਾ ਖਜ਼ਾਨਚੀ ਨੇ ਇਹ ਜਾਣਕਾਰੀ ਦਿੱਤੀ ਕਿ ਸ. ਜਗਜੀਤ ਸਿੰਘ ਦਾ ਅੰਤਮ ਸੰਸਕਾਰ ਮੁਹਾਲੀ (ਬਲੌਂਗੀ) ਦੇ ਸ਼ਮਸ਼ਾਨਘਾਟ ਵਿਖੇ 26 ਮਈ ਨੂੰ 3 ਵਜੇ ਹੋਵੇਗਾ।
ਪਾਰਟੀ ਵਲੋਂ ਸਰਕਾਰ ਪਾਸੋਂ ਇਹ ਮੰਗ ਕੀਤੀ ਗਈ ਕਿ ਪਿਤਾ ਦੇ ਸੰਸਕਾਰ ਅਤੇ ਭੋਗ ਲਈ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਤੁਰੰਤ ਪੈਰੋਲ ’ਤੇ ਛੁੱਟੀ ਦੇਣ ਦਾ ਪ੍ਰਬੰਧ ਕੀਤਾ ਜਾਵੇ।