ਲੁਧਿਆਣਾ: ਇੱਥੇ ਕੁਹਾੜਾ ਰੋਡ ਸਥਿਤ ਪਿੰਡ ਭਮਾਂ ਕਲਾਂ ਵਿੱਚ ਨਾਮ ਚਰਚਾ ਘਰ ਦੀ ਕੰਟੀਨ ਚਲਾਉਂਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ, ਜਿਸ ’ਤੇ ਬੁੱਧਵਾਰ ਬਾਅਦ ਦੁਪਹਿਰ ਅਣਪਛਾਤੇ ਵਿਅਕਤੀਆਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਸੀ, ਦੀ ਕੱਲ੍ਹ ਵੀਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ।
ਗੁਰਦੇਵ ਸਿੰਘ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਪੰਜੇਟਾ ਵਾਸੀ ਗੁਰਦੇਵ ਸਿੰਘ, ਜੋ ਪੈਪਸੂ ਰੋਡਵੇਜ਼ ਦਾ ਸੇਵਾਮੁਕਤ ਕਰਮਚਾਰੀ ਸੀ, ਰੋਜ਼ਾਨਾ ਵਾਂਗ ਕੱਲ੍ਹ ਵੀ ਨਾਮ ਚਰਚਾ ਘਰ ਵਿੱਚ ਬਣੀ ਕੰਟੀਨ ’ਤੇ ਬੈਠਾ ਸੀ ਕਿ ਦੋ ਅਣਪਛਾਤੇ ਵਿਅਕਤੀ ਕੰਟੀਨ ਤੋਂ ਸਾਮਾਨ ਲੈਣ ਲਈ ਆਏ ਤੇ ਉਸ ਉਪਰ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਅਪੋਲੋ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦਾ ਅਪਰੇਸ਼ਨ ਵੀ ਕੀਤਾ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਕੱਲ੍ਹ ਸਵੇਰੇ ਦਮ ਤੋੜ ਗਿਆ।
ਲੁਧਿਆਣਾ ਪੁਲਿਸ ਦੇ ਉਚ ਅਧਿਕਾਰੀ ਭਮਾਂ ਕਲਾਂ ਨੇੜੇ ਨਾਮ ਚਰਚਾ ਘਰ ਵਿੱਚ ਬਣੀ ਕੰਟੀਨ ਅਤੇ ਕੁਹਾੜਾ ਮਾਛੀਵਾੜਾ ਰੋਡ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਦੇ ਰਹੇ। ਪੁਲਿਸ ਨੂੰ 2 ਸ਼ੱਕੀ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦਿੱਤੇ ਹਨ। ਪੋਸਟਮਾਰਟਮ ਉਪਰੰਤ ਡੇਰਾ ਪ੍ਰੇਮੀ ਦੀ ਲਾਸ਼ ਪਹਿਲਾਂ ਭਮਾਂਕਲਾਂ ਸਥਿਤ ਨਾਮ ਚਰਚਾ ਘਰ ਵਿੱਚ ਲਿਆਂਦੀ ਗਈ। ਫਿਰ ਐਂਬੂਲੈਸ ਰਾਹੀਂ ਪਿੰਡ ਪੰਜੇਟਾ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ। ਪੁਲਿਸ ਨੇ ਨਾਮ ਚਰਚਾ ਘਰ ਦੀ ਵੀ ਕੱਲ੍ਹ ਤੋਂ ਹੀ ਚੌਕਸੀ ਵਧਾਈ ਹੋਈ ਹੈ। ਕੂੰਮਕਲਾਂ ਪੁਲਿਸ ਨੇ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਪਹਿਲਾਂ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ ਕੇਸ ਵਿੱਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ।
