ਅੰਮ੍ਰਿਤਸਰ: ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਅੱਜ ਆਪਣੀ ਅੰਮ੍ਰਿਤਸਰ ਵਿਖੇ ਹੋਏ ਅਹਿਮ ਬੈਠਕ ਦੌਰਾਨ ਪੰਥਕ ਵਿਚਾਰਾਂ ਕਰਦਿਆਂਇਹ ਫ਼ੈਸਲਾ ਲਿਆ ਹੈ ਕਿ ਸਰਕਾਰੀ ਜਬਰ ਨੂੰ ਆਪਣੇ ਪਿੰਡੇ ਉੱਤੇ ਹੰਢਾਅ ਕੇ ਅਤੇ ਸਿੱਖ ਸੰਘਰਸ਼ ਦਾ ਸਹੀ ਪੱਖ ਦੁਨੀਆਂ ਸਾਹਮਣੇ ਪੇਸ਼ ਕਰਕੇ ਆਪਣਾ ਕੌਮੀ ਫ਼ਰਜ ਨਿਭਾਉਣ ਵਾਲੇ ਪੰਥਕ ਲੇਖਕ ਸ. ਸਰਬਜੀਤ ਸਿੰਘ ਘੁਮਾਣ ਨੂੰ ਜਥੇਬੰਦੀ ਵੱਲੋਂ ਖ਼ਾਲਿਸਤਾਨੀ ਚਿੰਤਕ ਦੇ ਸਨਮਾਨ ਨਾਲ ਸਨਮਾਨਿਆ ਜਾਵੇਗਾ।
ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ “ ਸ. ਘੁਮਾਣ ਸਿੱਖਾਂ ਦੀ ਉਸ ਨੌਜਵਾਨ ਪੀੜ੍ਹੀ ਦੇ ਆਗੂ ਹਨ ਜਿਨ੍ਹਾਂ ਨੇ ਖ਼ਾਲਿਸਤਾਨ ਦਾ ਝੰਡਾ ਆਪਣੇ ਹੱਥਾਂ ਚ ਫੜ੍ਹਿਆ ਹੋਇਆ ਹੈ ਤੇ ਸਹੀ ਅਰਥਾਂ ਚ ਸ. ਘੁਮਾਣ ਖ਼ਾਲਿਸਤਾਨੀ ਵਿਚਾਰਧਾਰਾ ਦੇ ਅਲੰਬਰਦਾਰ ਅਤੇ ਪਹਿਰੇਦਾਰ ਹਨ। ਸ. ਘੁਮਾਣ ਲੰਬੇ ਸਮੇਂ ਤੋਂ ਖ਼ਾਲਸਾ ਫ਼ਤਹਿਨਾਮਾ ਮੈਗਜ਼ੀਨ ਚ ਸ਼ਹੀਦ ਸਿੰਘਾਂ ਦੀ ਜੀਵਨੀਆਂ ਅਤੇ ਇਸ ਤੋਂ ਇਲਾਵਾ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਡਾਇਰੈਕਟਰੀ, ਜੁ ਲਰੈ ਦੀਨ ਕੇ ਹੇਤ, ਜਰਨੈਲਾਂ ਦਾ ਜਰਨੈਲ, ਖ਼ਾਲਿਸਤਾਨੀ ਜਰਨੈਲ, 1984 ਹਿੰਦੁਸਤਾਨੀ ਕਹਿਰ, ਹਕੂਮਤੀ ਦਹਿਸ਼ਤਗਰਦੀ ਅਤੇ ਪੰਜਾਬ ਦਾ ਬੁੱਚੜ ਕੇ.ਪੀ.ਐੱਸ ਗਿੱਲ ਆਦਿ ਕਿਤਾਬਾਂ ਕੌਮ ਦੀ ਝੋਲੀ ਚ ਪਾ ਚੁੱਕੇ ਹਨ।”