ਪਟਿਆਲਾ (21 ਅਗਸਤ, 2015): ਆਰੀਆ ਸਮਾਜ ਚੌਕ ਵਿੱਚ 2010 ਨੂੰ 20 ਅਪ੍ਰੈਲ ਦੀ ਰਾਤ ਨੂੰ ਸਤ ਨਾਰਾਇਣ ਮੰਦਰ ਨੇੜੇ ਹੋਏ ਬੰਬ ਧਮਾਕੇ ਸਬੰਧੀ ਕੇਸ ਦੀ ਸੁਣਵਾਈ ਲਈ ਭਾਈ ਰਮਨਦੀਪ ਸਿੰਘ ਗੋਲਡੀ ਵਾਸੀ ਬਸੀ ਪਠਾਣਾਂ ਨੂੰ ਪੁਲੀਸ ਨਾਭਾ ਜੇਲ੍ਹ ਵਿੱਚੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਧੀਕ ਸੈਸ਼ਨ ਜੱਜ ਪੁਸ਼ਵਿੰਦਰ ਸਿੰਘ ਦੀ ਅਦਾਲਤ ਵਿੱਚ ਲੈ ਕੇ ਆਈ ।
ਇੱਥੇ ਕਰੀਬ ਪੌਣਾ ਘੰਟਾ ਚੱਲੀ ਅਦਾਲਤੀ ਕਾਰਵਾਈ ਦੌਰਾਨ ਇਸ ਕੇਸ ਨਾਲ ਸਬੰਧਤ ਤਫ਼ਤੀਸ਼ੀ ਅਫ਼ਸਰ ਵਜੋਂ ਐਸ.ਪੀ. ਬਲਰਾਜ ਸਿੰਘ ਅਦਾਲਤ ਵਿੱਚ ਪੁੱਜੇ ਹੋਏ ਸਨ।
ਕੇਸ ਵਿੱਚ ਉਨ੍ਹਾਂ ਦੀ ਗਵਾਹੀ ਦਾ ਕੰਮ ਅੱਜ ਮੁਕੰਮਲ ਹੋ ਗਿਆ ਤੇ ਕੇਸ ਦੀ ਅਗਲੀ ਸੁਣਵਾਈ ਹੁਣ 3 ਸਤੰਬਰ ਨੂੰ ਹੋਵੇਗੀ ਇਸ ਕੇਸ ਵਿੱਚ ਬਾਚਾਅ ਪੱਖ ਤੋਂ ਵਕੀਲ ਬਰਜਿੰਦਰ ਸਿੰਘ ਸੋਢੀ ਅਦਾਲਤ ਵਿੱਚ ਮੌਜੂਦ ਸਨ।
ਜ਼ਿਕਰਯੋਗ ਹੈ ਕਿ 20 ਅਪਰੈਲ 2010 ਨੂੰ ਰਾਤ ਸਮੇਂ ਹੋਏ ਬੰਬ ਧਮਾਕੇ ਵਿੱਚ ਦੌਰਾਨ ਕੁਝ ਮੁਲਾਜ਼ਮਾਂ ਸਮੇਤ ਕਈ ਵਿਅਕਤੀ ਜ਼ਖ਼ਮੀ ਹੋ ਗਏ ਸਨ ਧਮਾਕੇ ਲਈ ਵਰਤੀ ਗਈ ਸਮੱਗਰੀ ਦੀ ਰਿਪੋਰਟ ਆਉਣ ’ਤੇ ਥਾਣਾ ਕੋਤਵਾਲੀ ਵਿਖੇ ਇਸ ਸਬੰਧੀ ਕੇਸ 28 ਅਪਰੈਲ 2010 ਨੂੰ ਦਰਜ ਹੋਇਆ ਸੀ । ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਰਮਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਜੰਟ ਸਿੰਘ ਤੇ ਜਸਵਿੰਦਰ ਸਿੰਘ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਅਤੇ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 11 ਅਗਸਤ 2014 ਨੂੰ ਬਰੀ ਕਰ ਦਿੱਤਾ ਸੀ ।
ਭਾਈ ਰਮਨਦੀਪ ਗੋਲਡੀ 20 ਨਵੰਬਰ 2014 ਨੂੰ ਮਲੇਸ਼ੀਆ ਤੋਂ ਤੋਂ ਗ੍ਰਿਫਤਾਰ ਕਰਕੇ ਪੰਜਾਬ ਲਿਆਦਾ ਗਿਆ ਸੀ 20 ਜਨਵਰੀ 2015 ਨੂੰ ਉਸ ਦੇ ਖ਼ਿਲਾਫ਼ ਚਾਲਾਨ ਪੇਸ਼ ਹੋਇਆ ਜਿਸ ਮੁਤਾਬਕ ਕੇਸ ਵਿੱਚ ਦੋ ਦਰਜਨ ਤੋਂ ਵੱਧ ਗਵਾਹ ਹਨ ਅੱਜ ਹੋਈ ਤਫ਼ਤੀਸ਼ੀ ਅਫ਼ਸਰ ਸਮੇਤ ਹੁਣ ਤੱਕ ਅੱਧੀ ਦਰਜਨ ਗਵਾਹੀਆਂ ਹੋ ਚੁੱਕੀਆਂ ਹਨ।