ਪਟਿਆਲਾ (22 ਅਗਸਤ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਨਦਰੀ ਜੇਲ ਪਟਿਆਲਾ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਾਂਸੀ ਸਬੰਧੀ ਲਏ ਜਾਣ ਵਾਲੇ ਫ਼ੈਸਲੇ ‘ਚ ਹੋ ਰਹੀ ਦੇਰੀ ਸਬੰਧੀ ਭਾਰਤੀ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ ।
ਇਸ ਗੱਲ ਦਾ ਖ਼ੁਲਾਸਾ ਕੇਂਦਰੀ ਜੇਲ੍ਹ ਪਟਿਆਲਾ ‘ਚ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਅੱਜ ਇੱਥੇ ਕੀਤੀ ਗਈ ਮੁਲਾਕਾਤ ਦੌਰਾਨ ਕੀਤਾ, ਜੋ ਬਾਅਦ ‘ਚ ਸਿੱਖ ਪੰਥ ਤੇ ਮੀਡੀਆ ਨੂੰ ਵੀ ਜਾਰੀ ਕੀਤਾ ਗਿਆ, ਜਿਸ ‘ਚ ਉਨ੍ਹਾਂ ਵੱਲੋਂ ਸ਼ੁਰੂ ਤੋਂ ਲੈ ਕੇ ਅੰਤ ਤਕ ਦਾ ਜ਼ਿਕਰ ਕੀਤਾ ਹੈ ।
31 ਅਗਸਤ, 1995 ਨੂੰ ਵਾਪਰੇ ਇਸ ਕਤਲ ਕਾਂਡ ਸਬੰਧੀ ਭਾਈ ਰਾਜੋਆਣਾ ਵੱਲੋਂ ਬੜੈਲ ਜੇਲ੍ਹ ‘ਚ ਲੱਗਦੀ ਅਦਾਲਤ ‘ਚ ਖੁਦ ਹੀ ਜੁਰਮ ਕਬੂਲ ਕਰ ਲਿਆ ਗਿਆ ਸੀ, ਜਿਸ ਉਪਰੰਤ ਅਦਾਲਤ ਵੱਲੋਂ 31 ਜੁਲਾਈ, 2007 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਸਬੰਧੀ 9 ਮਾਰਚ, 2012 ਨੂੰ ਜਾਰੀ ਹੋਏ ਹੁਕਮਾਂ ਵਿਚ ਭਾਈ ਰਾਜੋਆਣਾ ਨੂੰ ਫਾਂਸੀ ‘ਤੇ ਲਟਕਾਉਣ ਲਈ 31 ਮਾਰਚ, 2012 ਦਾ ਦਿਨ ਮੁਕੱਰਰ ਕੀਤਾ ਗਿਆ ਸੀ ਪਰ ਰਾਜੋਆਣਾ ਵੱਲੋਂ ਰਹਿਮ ਦੀ ਅਪੀਲ ਨਾ ਪਾਈ ਗਈ, ਜਿਸ ਉਪਰੰਤ ਸ਼ੋ੍ਰਮਣੀ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਅਪੀਲ ਦਾਇਰ ਕੀਤੀ ਗਈ, ਜਿਸ ਤਹਿਤ ਹੀ ਭਾਰਤੀ ਰਾਸ਼ਟਰਪਤੀ ਵੱਲੋਂ 28 ਮਾਰਚ, 2012 ਨੂੰ ਰੋਕ ਲਗਾ ਦਿੱਤੀ ਗਈ ਸੀ, ਜੋ ਹੁਣ ਤੱਕ ਜਾਰੀ ਹੈ ।
ਇਸੇ ਸਬੰਧ ਵਿਚ ਲਟਕ ਰਹੇ ਮਾਮਲੇ ਨੂੰ ਲੈ ਕੇ ਹੀ ਭਾਈ ਰਾਜੋਆਣਾ ਵੱਲੋਂ ਇਹ ਪੱਤਰ ਲਿਖਿਆ ਗਿਆ ਹੈ, ਜਿਸ ਸਬੰਧੀ ਸੰਪਰਕ ਕਰਨ ‘ਤੇ ਜੇਲ੍ਹ ਸੁਪਰਡੈਂਟ ਭੁਪਿੰਦਰ ਜੀਤ ਸਿੰਘ ਵਿਰਕ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਪੱਤਰ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਸਕੱਤਰੇਤ ਮੂਹਰੇ ਬੰਬ ਧਮਾਕੇ ਵਿੱਚ ਮੌਤ ਹੋ ਗੲੀ ਸੀ। ਇਹ ਵਾਰਦਾਤ 31 ਅਗਸਤ 1995 ਦੀ ਹੈ। ਸੀਬੀਆੲੀ ਵਲੋਂ ਕੇਸ ਦੇ ਨੌਂ ਦੇ ਵਿਰੁੱਧ ਕੇਸ ਚਲਾਇਆ ਗਿਆ ਸੀ ਅਤੇ ਅਦਾਲਤ ਵਲੋਂ ਅੱਠ ਨੂੰ ਸਜ਼ਾ ਸੁਣਾੲੀ ਜਾ ਚੁੱਕੀ ਹੈ।
ਕੇਸ ਨਾਲ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿੳੁਰਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਨਵਜੋਤ ਸਿੰਘ, ਸਮਸ਼ੇਰ ਸਿੰਘ ਅਤੇ ਨਸੀਬ ਸਿੰਘ ਦੇ ਨਾਂ ਸ਼ਾਮਲ ਕੀਤੇ ਗਏ ਸਨ। ਭਾਈ ਜਗਤਾਰ ਸਿੰਘ ਹਵਾਰਾ ਅਤੇਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋੲੀ ਸੀ, ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭਾਈ ਹਵਾਰਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਉਹ ਇਸ ਸਮੇ ਹੋਰ ਸੁਣਵਾਈ ਅਧੀਨ ਮੁਕੱਦਮਿਆਂ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਹਨ।