ਪਟਿਆਲਾ: ਸਿਆਸੀ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਫਾਂਸੀ ਦੀ ਸਜ਼ਾ ਵਿਰੁਧ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਭਾਰਤੀ ਰਾਸ਼ਟਰਪਤੀ ਕੋਲ ਪਾਈ ਅਰਜੀ ‘ਤੇ ਭਾਰਤ ਸਰਕਾਰ ਵੱਲੋਂ ਫੈਸਲਾ ਲੈਣ ਵਿੱਚ ਕੀਤੀ ਜਾ ਰਹੀ ਦੇਰੀ ਦੇ ਮੱਦੇਨਜ਼ਰ ਅੱਜ ਤੋਂ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ ਹੈ। ਲੰਘੇ ਦਿਨ ਇਸ ਬਾਰੇ ਖਬਰਾਂ ਨਸ਼ਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਹਰਕਤ ਵਿੱਚ ਆਏ ਹਨ।
ਅਨੰਦਪੁਰ ਸਾਹਿਬ ਤੋਂ ‘ਮੈਂਬਰ ਪਾਰਲੀਮੈਂਟ’ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋ.ਗੁ.ਪ੍ਰ.ਕ. ਪਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਉਹ 18 ਜੁਲਾਈ ਨੂੰ ਭਾਰਤ ਦੇ ਘਰੇਲੂ ਮਾਮਲਿਆਂ ਦੇ ਵਜੀਰ ਰਾਜਨਾਥ ਸਿੰਘ ਨੂੰ ਮਿਲਣ ਜਾ ਰਹੇ ਹਨ। ਇਨ੍ਹਾਂ ਆਗੂਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਦੇ ਐਲਾਨ ‘ਤੇ ਅਮਲ ਨਾ ਕਰਨ ਲਈ ਵੀ ਕਿਹਾ ਹੈ। ਖਬਰਾਂ ਮੁਤਾਬਕ ਸ਼੍ਰ.ਅ.ਦ (ਬਾਦਲ) ਦੇ ਆਗੂ ਭਾਰਤੀ ਵਜੀਰ ਨੂੰ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦੇਣ ਲਈ ਕਹਿਣਗੇ।
ਜ਼ਿਕਰਯੋਗ ਹੈ ਕਿ ਇਕ ਭਾਰਤੀ ਅਦਾਲਤ ਨੇ ਭਾਈ ਬਲਵੰਤ ਸਿੰਘ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ‘ਸੋਧਾ ਲਾਉਣ’ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਸਾਲ 2012 ਵਿੱਚ ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ “ਕਾਲੇ ਵਰੰਟ” ਜਾਰੀ ਹੋਏ ਸਨ ਜਿਨ੍ਹਾਂ ਤਹਿਤ ਉਸਨੂੰ 31 ਮਾਰਚ 2012 ਨੂੰ ਫਾਂਸੀ ਦੇ ਦਿੱਤੀ ਜਾਣੀ ਸੀ। ਪਰ ਉਸ ਵੇਲੇ ਉੱਭਰੇ ਪੰਥਕ ਰੋਹ ਤੋਂ ਬਾਅਦ ਤਤਕਾਲੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਰਾਹੀਂ ਭਾਰਤੀ ਰਾਸ਼ਟਰਪਤੀ ਕੋਲ ‘ਸੰਵਿਧਾਨਕ ਪੁਨਰਵਿਚਾਰ ਅਰਜੀ’ ਦਾਖਲ ਕਰਵਾ ਦਿੱਤੀ ਸੀ ਜਿਸ ਤਹਿਤ ਸ਼੍ਰੋ.ਗੁ.ਪ੍ਰ.ਕ. ਨੇ ਰਾਸ਼ਟਰਪਤੀ ਨੂੰ ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਲਈ ਕਿਹਾ ਸੀ।
ਸਾਲ 2012 ਤੋਂ ਹੁਣ ਤੱਕ ਕਈ ਵਾਰ ਸ਼੍ਰੋ.ਅ.ਦ (ਬਾਦਲ) ਅਤੇ ਸ਼੍ਰੋ.ਗੁ.ਪ੍ਰ.ਕ. ਦੇ ਆਗੂ ਕੇਂਦਰ ਨੂੰ ਇਸ ਅਰਜੀ ‘ਤੇ ਫੈਸਲਾ ਲੈਣ ਲਈ ਬੇਨਤੀਆਂ ਕਰ ਚੁੱਕੇ ਹਨ ਪਰ ਕੇਂਦਰ ਨੇ ਉਨ੍ਹਾਂ ਦੀ ਗੱਲ ਹਮੇਸ਼ਾਂ ਅਣਗੌਲੀ ਹੀ ਕੀਤੀ ਹੈ। ਕੇਂਦਰ ਇਸ ਮਾਮਲੇ ‘ਤੇ ਸਮਾਂ ਲੰਘਾਉਣ ਦੀ ਨੀਤੀ ‘ਤੇ ਚੱਲਦਾ ਆ ਰਿਹਾ ਹੈ ਤੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਪਾਈ ਅਰਜੀ ਨਾ ਤਾਂ ਮਨਜੂਰ ਕੀਤੀ ਜਾ ਰਹੀ ਹੈ ਤੇ ਨਾ ਹੀ ਰੱਦ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਨਵੰਬਰ 2016 ਵਿੱਚ ਵੀ ਭਾਈ ਰਾਜੋਆਣਾ ਨੇ ਇਸ ਮਸਲੇ ‘ਤੇ ਭੁੱਖ ਹੜਤਾਲ ਰੱਖੀ ਸੀ ਪਰ ਉਸ ਵੇਲੇ ਸ਼੍ਰੋ.ਗੁ.ਪ੍ਰ.ਕ. ਦੇ ਤਤਕਾਲੀ ਪਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉਨ੍ਹਾਂ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਮਨਾ ਲਿਆ ਸੀ ਤੇ ਕਿਹਾ ਸੀ ਕਿ ਉਹ ਕੇਂਦਰ ਕੋਲੋਂ ਫਾਂਸੀ ਤੋੜਨ ਵਾਲੀ ਅਰਜੀ ‘ਤੇ ਛੇਤੀ ਹੀ ਫੈਸਲਾ ਕਰਵਾ ਲੈਣਗੇ। ਭਾਵੇਂ ਕਿ ਉਨ੍ਹਾਂ ਇਸ ਮਾਮਲੇ ‘ਤੇ ਕੁਝ ਸਰਗਰਮੀ ਵੀ ਕੀਤੀ ਸੀ ਪਰ ਕੇਂਦਰ ਦੀ ਡੰਗ ਲੰਘਾਊ ਨੀਤੀ ਵਿੱਚ ਕੋਈ ਤਬਦੀਲੀ ਨਾ ਆਈ।
ਭਾਈ ਰਾਜੋਆਣਾ ਦੇ ਮੁੜ ਭੁੱਖ ਹੜਤਾਲ ‘ਤੇ ਬੈਠਣ ਦੇ ਐਲਾਨ ਤੋਂ ਬਾਅਦ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਨੂੰ ਇਸ ਮਾਮਲੇ ਵਿੱਚ ਮੁੜ ਕੇਂਦਰ ਕੋਲ ਪਹੁੰਚ ਕਰਨੀ ਚਾਹੀਦੀ ਹੈ।