ਚੰਡੀਗੜ੍ਹ: ਸ਼ਰੋਮਣੀ ਕਮੇਟੀ ਦੇ ਕਾਰਜਕਾਰਨੀ ਵੱਲੋਂ ਕੱਲ੍ਹ ਬਰਖਾਸਤ ਕੀਤੇ ਗਏ ਚਾਰ ਪਿਆਰਿਆਂ ਦੀ ਬਰਖਾਸਤਗੀ ਨੂੰ ਸਿੱਖ ਫਲਸਫੇ ਦੇ ਵਿਰੁੱਧ ਕਰਾਰ ਦਿੰਦਿਆਂ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇਂ ਕਿਹਾ ਹੈ ਕਿ ਜਿਨ੍ਹਾਂ ਪੰਜ ਪਿਆਰਿਆਂ ਦੇ ਆਦੇਸ਼ ਗੁਰੂ ਸਾਹਿਬ ਨੇਂ ਮੰਨ ਕਿ ਪੰਚ ਪ੍ਰਧਾਨੀ ਦਾ ਸਿਧਾਂਤ ਖਾਲਸਾ ਪੰਥ ਨੂੰ ਦ੍ਰਿੜ ਕਰਵਾਇਆ ਸੀ ਅੱਜ ਸ਼ਰੋਮਣੀ ਕਮੇਟੀ ਨੇਂ ਉਸ ਸਿਧਾਂਤ ਨੂੰ ਵੀ ਢਾਹ ਲਗਾ ਦਿੱਤੀ ਹੈ।
ਸਿੱਖ ਸਿਆਸਤ ਨਾਲ ਫੋਨ ਤੇ ਗੱਲ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਪੰਜ ਪਿਆਰੇ ਵਿਅਕਤੀਗਤ ਰੂਪ ਵਿੱਚ ਤਾਂ ਸ਼ਰੋਮਣੀ ਕਮੇਟੀ ਦੇ ਮੁਲਾਜਮ ਹੋ ਸਕਦੇ ਹਨ ਪਰ ਪੰਜ ਪਿਆਰਿਆਂ ਦੇ ਰੂਪ ਵਿੱਚ ਉਹ ਕਿਸੇ ਦੇ ਮੁਲਾਜਮ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਵੱਲੋਂ ਜੋ ਫੈਂਸਲਾ ਜਥੇਦਾਰਾਂ ਦੇ ਵਿਰੁੱਧ ਕੀਤਾ ਗਿਆ ਸੀ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ, ਕਿਉਂਕਿ ਜਥੇਦਾਰਾਂ ਨੇਂ ਸੋਦਾ ਸਾਧ ਨੂੰ ਜਿਸ ਦਿਨ ਮੁਆਫ ਕੀਤਾ ਸੀ ਉਹ ਉਸ ਦਿਨ ਤੋਂ ਪੰਥ ਦੇ ਨਹੀਂ ਰਹੇ ਸਨ ਸੋਦਾ ਸਾਧ ਦੇ ਬਣ ਗਏ ਸਨ। ਉਨ੍ਹਾਂ ਕਿਹਾ ਕਿ ਜਿਹੜੇ ਜਥੇਦਾਰ ਸੰਗਤ ਵਿੱਚ ਖੜ ਨਹੀਂ ਸਕਦੇ ਉਨ੍ਹਾਂ ਨੂੰ ਜਥੇਦਾਰ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਉਹ ਅੱਜ ਤੱਕ ਪੰਜ ਪਿਆਰਿਆਂ ਵੱਲੋਂ ਕੀਤੇ ਗਏ ਫੈਂਸਲਿਆਂ ਦੀ ਹਮਾਇਤ ਕਰਦੇ ਹਨ ਤੇ ਅੱਜ ਦੇ ਫੈਂਸਲੇ ਦੀ ਉਡੀਕ ਕਰਨਗੇ।