Site icon Sikh Siyasat News

ਸੁਖਬੀਰ ਬਾਦਲ ਨਾਲ ਚਾਹ ਤੋਂ ਬਾਅਦ ਭਾਈ ਮਨਜੀਤ ਸਿੰਘ ਦੀ ਬਗਾਵਤ ਖਤਮ

ਅੰਮ੍ਰਿਤਸਰ: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਵਲੋਂ ਦੋ ਹਫਤੇ ਪਹਿਲਾਂ ਬਾਦਲ ਦਲ ਪ੍ਰਤੀ ਪ੍ਰਗਟਾਈ ਨਰਾਜਗੀ ਦਾ ਅੱਜ ਉਸ ਵੇਲੇ ਅੰਤ ਹੋ ਗਿਆ ਜਦੋਂ ਸਾਬਕਾ ਉਪ ਮੁਖ ਮੰਤਰੀ ਤੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਪੁਜੇ ਤੇ ਉਹਨਾਂ ਇੱਕਠਿਆਂ ਚਾਹ ਪਾਣੀ ਪੀਤਾ।

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਮਨਜੀਤ ਸਿੰਘ ਨੇ ਕਿਹਾ ਕਿ ‘ਮਿਲ ਬੈਠ ਕੇ ਵਿਚਾਰ ਵਟਾਂਦਰੇ ਰਾਹੀਂ ਵਖਰੇਵਿਆਂ ਨੂੰ ਦੂਰ ਕਰ ਲਿਆ ਗਿਆ ਹੈ’।

ਭਾਈ ਮਨਜੀਤ ਸਿੰਘ, ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਨਾਲ

ਉਧਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਈ ਮਨਜੀਤ ਸਿੰਘ ਦਾ ਪਰਿਵਾਰ ਇਕ ਪੰਥਕ ਪਰਿਵਾਰ ਹੈ ਜਿਨਾਂ ਦੀ ਪੰਥ ਪ੍ਰਤੀ ਦੇਣ ਸਦਕਾ ਬਹੁਤ ਵਡਾ ਸਤਿਕਾਰ ਵੀ ਹੈ।

ਬਾਦਲ ਦਲ ਵੱਲੋਂ ਮੌਕਾ ਪ੍ਰਸਤ ਨੀਤੀ ਤੇ ਚੱਲਣ ਦੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਜਿਸ ਮੌਕੇ ਸਿੱਖ ਸ਼ਹੀਦਾਂ ਦੇ ਨਾਂ ਨੂੰ ਵਰਤਣਾ ਹੁੰਦਾ ਹੈ ਉਦੋਂ ਉਹਨਾਂ ਦੀਆਂ ਸਿਫਤਾਂ ਕਰਦਿਆਂ ਉਹਨਾਂ ਬਾਰੇ ਸਤਿਕਾਰ ਵਾਲੀ ਸ਼ਬਦਾਵਲੀ ਬੋਲੀ ਜਾਂਦੀ ਹੈ ਤੇ ਜਦੋਂ ਮੌਕਾ ਵੱਖਰਾ ਹੋਵੇ ਤਾਂ ਬਾਦਲ ਦਲ ਦੇ ਉੱਚ ਆਗੂ, ਸਮੇਤ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ, ਉਹਨਾਂ ਹੀ ਸ਼ਹੀਦਾਂ ਬਾਰੇ ਗਲਤਬਿਆਨੀਆਂ ਸ਼ੁਰੂ ਕਰ ਦੇਂਦੇ ਹਨ।

ਜ਼ਿਕਰਯੋਗ ਹੈ ਕਿ ਭਾਈ ਮਨਜੀਤ ਸਿੰਘ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਪੁੱਤਰ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਭਰਾ ਹੈ। ਉਂਝ ਉਹ ਬੀਤੇ ਸਮੇਂ ਤੋਂ ਬਾਦਲਾਂ ਦੀ ਸਿਆਸੀ ਸ਼ਰਨ ਵਿੱਚ ਚੱਲ ਕੇ ਸ਼੍ਰੋਮਣੀ ਕਮੇਟੀ ਰਾਹੀਂ ਸੱਤਾ ਭੋਗਣ ਦੀਆਂ ਕੋਸ਼ਿਸ਼ਾਂ ਵਿੱਚ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਭਾਈ ਮਨਜੀਤ ਸਿੰਘ ਦੀ ਬਾਦਲ ਦਲ ਵਿੱਚ ਵਾਪਸੀ, ਉਹਨਾਂ ਵਲੋਂ ਸ਼੍ਰੋਮਣੀ ਕਮੇਟੀ ਦਾ ਕਾਰਜਕਾਰਣੀ ਮੈਂਬਰ ਲਏ ਜਾਣ ਦੀ ਚੁੱਕੀ ਜਾ ਰਹੀ ਚਿਰੋਕਣੀ ਮੰਗ ਮੰਨੇ ਜਾਣ ਨਾਲ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version