ਸਿੱਖ ਖਬਰਾਂ

ਭਾਈ ਮਨਧੀਰ ਸਿੰਘ ਨੂੰ ਨਿਆਇਕ ਹਿਰਾਸਤ ਵਿੱਚ ਬਠਿੰਡਾ ਜੇਲ੍ਹ ਭੇਜਿਆ; ਗ੍ਰਿਫਤਾਰੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇ-ਨਜ਼ਰ ਹੋਈ ਹੈ: ਪੰਚ ਪ੍ਰਧਾਨੀ

By ਸਿੱਖ ਸਿਆਸਤ ਬਿਊਰੋ

January 21, 2011

ਮਾਨਸਾ (21 ਜਨਵਰੀ, 2010): “ਡੇਰਾ ਪ੍ਰੈਰੋਕਾਰ ਲਿੱਲੀ ਸ਼ਰਮਾ ਕਤਲ ਕਾਂਡ ‘ਚ ਗ੍ਰਿਫਤਾਰ ਕੀਤੇ ਸਿੱਖ ਨੌਜਵਾਨ ਮਨਧੀਰ ਸਿੰਘ ਨੂੰ ਇੱਕ ਸਾਜਿਸ਼ ਅਧੀਨ ਪੰਜਾਬ ਸਰਕਾਰ ਵਲੋਂ ਇਸ ਮੁਕੱਦਮੇ ਵਿਚ ਫਸਾਇਆ ਜਾ ਰਿਹਾ ਹੈ, ਜਦੋਂ ਕਿ ਮਨਧੀਰ ਸਿੰਘ ਦਾ ਇਸ ਘਟਨਾ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ।” ਪੰਜਾਬ ਸਰਕਾਰ ਉਪਰ ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਸਕੱਤਰ ਜਨਰਲ ਹਰਪਾਲ ਸਿੰਘ ਚੀਮਾਂ ਨੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਲਾਏ। ਉਨਾਂ ਕਿਹਾ ਕਿਹਾ ਕਿ ਮਨਧੀਰ ਸਿੰਘ ਇੱਕ ਪੜ੍ਹਿਆ-ਲਿਖਿਆ ਤੇ ਚੇਤਨ ਸਿੱਖ ਆਗੂ ਹੈ। ਜੋ ਕਿ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ‘ਚ ਪਿਛਲੇ ਸਮੇਂ ਤੋਂ ਕੰਮ ਕਰ ਰਿਹਾ ਹੈ, ਇਸ ਤੋਂ ਪਹਿਲਾ ਮਨਧੀਰ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਕੌਮੀ ਪ੍ਰਧਾਨ ਵੀ ਰਹਿ ਚੁੱਕਾ ਹੈ, ਉਸਨੇ ਆਪਣੀ ਇੰਜਨੀਅਰਿੰਗ (ਬੀ. ਟੈੱਕ) ਦੀ ਪੜ੍ਹਾਈ ਬਾਬਾ ਬੰਦਾ ਸਿੰਘ ਬਹਾਦਰ ਫਤਿਹਗੜ੍ਹ ਸਾਹਿਬ ਤੋਂ ਪੂਰੀ ਕੀਤੀ ਤੇ ਕੈਨੇਡਾ ਤੋਂ ਉੱਚ ਤਕਨੀਕੀ ਵਿਦਿਆ ਹਾਸਿਲ ਕੀਤੀ। ਧਾਰਮਿਕ ਬਿਰਤੀ ਵਾਲੇ ਮਨਧੀਰ ਸਿੰਘ ਨੇ ਐਮ. ਏ. (ਧਰਮ ਅਧਿਐਨ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।

ਹਰਪਾਲ ਸਿੰਘ ਚੀਮਾਂ ਨੇ ਪੰਥਕ ਅਖਵਾਉਣ ਵਾਲੀ ਸਰਕਾਰ ‘ਤੇ ਦੋਸ਼ ਲਾਉਂਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਹਿੱਸਾ ਲੈਣ ਤੋਂ ਰੋਕਣ ਲਈ ਇੱਕ ਸਾਜਿਸ਼ ਘੜੀ ਗਈ ਹੈ। ਜਿਸ ਕਰਕੇ ਜਥੇਬੰਦੀ ਦੇ ਸੀਨੀਅਰ ਆਗੂਆਂ ਨੂੰ ਵਾਰ-ਵਾਰ ਝੂਠੇ ਮੁਕੱਦਮਿਆਂ ‘ਚ ਪੁਲਿਸ ਵਲੋਂ ਫਸਾਕੇ ਪੇਸ਼ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੁਲਿਸ ਵਲੋਂ ਦਾਖ਼ਲ ਕੀਤੀ ਚਾਰਜਸ਼ੀਟ ‘ਚ ਮੇਰਾ ਨਾਮ ਵੀ ਦਾਖ਼ਲ ਕੀਤਾ ਗਿਆ ਹੈ ਅਤੇ ਅਖੀਰੀ ਲਾਇਨ ‘ਚ ਲਿਖਿਆ ਹੈ ਕਿ ‘ਅਸੀਂ ਇੰਨ੍ਹਾਂ ਦੇ ਵਿਰੁੱਧ ਸਬੂਤ ਇਕੱਠੇ ਕਰ ਰਹੇ ਹਾਂ’। ਭਾਈ ਚੀਮਾਂ ਨੇ ਕਿਹਾ ਕਿ ਬਾਦਲ ਸਰਕਾਰ ਦੀ ਸ਼ਹਿ ‘ਤੇ ਜ਼ਿਲ੍ਹਾ ਪੁਲਿਸ ਸਾਜਿਸ਼ ਤਹਿਤ ਮਨਧੀਰ ਸਿੰਘ ਤੋਂ ਅਖਵਾ ਰਹੀ ਹੈ ਕਿ ‘ਅਸੀਂ ਡੇਰੇ ਦੇ ਪ੍ਰੇਮੀਆਂ ਨੂੰ ਸੋਧ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਕਰਨਾ ਹੈ’, ਪਰ ਅਸਲੀਅਤ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਿਸਦਾ “ਕਬਜ਼ਾ” ਹੈ ਇਹ ਸਿੱਖ ਕੌਮ ਜਾਣ ਚੁੱਕੀ ਹੈ। ਉਨਾਂ ਕਿਹਾ ਕਿ ਸਾਡੀ ਪਾਰਟੀ ਸਿੱਖ ਸੰਗਤ ਦੇ ਸਹਿਯੋਗ ਨਾਲ ਜਮਹੂਰੀ ਸੰਘਰਸ਼ ਕਰਕੇ ਵੋਟਾਂ ਰਾਹੀਂ ਜਿੱਤ ਹਾਸਿਲ ਕਰਨ ਵਿੱਚ ਜ਼ਕੀਨ ਕਰਦੀ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਸਿੱਖ ਲੀਡਰਸ਼ਿਪ ਦਾ ਉਭਾਰ ਰੋਕਣ ਲਈ ਹੀ ਮਨਧੀਰ ਸਿੰਘ ਜਿਹੇ ਸੂਝਵਾਨ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹੀ ਡੱਕਿਆ ਜਾ ਰਿਹਾ ਹੈ। ਇਸ ਮੌਕੇ ਉੱਤੇ ਏਕ ਨੂਰ ਖਾਲਸਾ ਫੋਜ ਦੇ ਭਾਈ ਬਰਜਿੰਦਰ ਸਿੰਘ, ਪੰਚ ਪ੍ਰਧਾਨੀ ਦੇ ਕੌਮੀ ਆਗੂ ਸ੍ਰ. ਦਰਸ਼ਨ ਸਿੰਘ ਜਗਾ ਰਾਮ ਤੀਰਥ, ਸ੍ਰ. ਜਰਨੈਲ ਸਿੰਘ ਨਵਾਂਸ਼ਹਿਰ, ਸ੍ਰ. ਸਤਨਾਮ ਸਿੰਘ ਭਾਰਾਪੁਰ ਤੇ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਮੱਖਣ ਸਿੰਘ ਗੰਢੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ ਪ੍ਰਧਾਨੀ ਦੇ ਵਰਕਰ ਅਤੇ ਆਗੂ ਹਾਜ਼ਰ ਸਨ।

ਮਨਧੀਰ ਸਿੰਘ ਨੂੰ ਜੁਡੀਸ਼ਲ ਹਿਰਾਸਤ ਵਿੱਚ ਜੇਲ੍ਹ ਭੇਜਿਆ

ਦੂਸਰੇ ਪਾਸੇ ਅੱਜ ਮਾਨਸਾ ਦੀ ਅਦਾਲਤ ਦੇ ਮਾਣਯੋਗ ਸੀ. ਜੇ. ਐਮ. ਸ੍ਰੀਮਾਨ ਸਿੰਗਲਾ ਨੇ ਪੁਲਿਸ ਵੱਲੋਂ ਮਨਧੀਰ ਸਿੰਘ ਦਾ ਹੋਰ ਰਿਮਾਂਡ ਦਿੱਤੇ ਜਾਣ ਦੀ ਅਰਜੀ ਖਾਰਜ਼ ਕਰਦਿਆ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਨਧੀਰ ਸਿੰਘ ਨੂੰ ਅੱਜ ਸ਼ਾਮ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਅੱਜ ਅਦਾਲਤ ਵਿੱਚ ਮਨਧੀਰ ਸਿੰਘ ਵੱਲੋਂ ਸੀਨੀਅਰ ਐਡਵੋਕੇਟ ਅਜੀਤ ਸਿੰਘ ਭੰਗੂ ਪੇਸ਼ ਹੋਏ ਸਨ। ਹੁਣ ਮਨਧੀਰ ਸਿੰਘ ਨੂੰ 2 ਫਰਵਰੀ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: