ਲੁਧਿਆਣਾ (24 ਮਾਰਚ 2015): ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਮੱਖਣ ਸਿੰਘ ਗਿੱਲ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਸਰਬਜੀਤ ਸਿੰਘ ਧਾਲੀਵਾਲ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ।ਭਾਈ ਮੱਖਣ ਸਿੰਘ ਗਿੱਲ ਨੂੰ ਹਾਈ ਸਕਿਓਰਟੀ ਵਿਚ ਪੇਸ਼ ਕੀਤਾ ਗਿਆ।
ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।
ਜਿਕਰਯੋਗ ਹੈ ਕਿ ਪੁਲਿਸ ਵਲੋਂ ਤਿਆਰ ਕੀਤੇ ਚਲਾਨ ਮੁਤਾਬਕ ਇਹ ਕੇਸ ਐੱਫ.ਆਈ.ਆਰ ਨੰਬਰ 163, ਮਿਤੀ 05-11-2009 ਨੂੰ ਬਾਰੂਦ ਐਕਟ ਦੀ ਧਾਰਾ 4/5, 25 ਅਸਲਾ ਐਕਟ ਅਤੇ 17/18/20 ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ) ਅਧੀਨ, ਥਾਣਾ ਮਾਛੀਵਾੜਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਨੀਲੋਂ ਨਹਿਰ ਪੁਲ ਨੇੜੇ ਖੜੇ ਇਕ ਮੋਟਰ ਸਾਈਕਲ ਤੋਂ 9 ਡੈਟਾਨੇਟਰ, 46 ਸਟਿੱਕਾਂ ਐਮੋਨੀਅਮ ਨਾਈਟ੍ਰੇਟ ਅਤੇ 3 ਕਿਲੋ 182 ਗਰਾਮ ਬਾਰੂਦ ਆਦਿ ਬਰਾਮਦ ਹੋਇਆ ਸੀ ।
ਭਾਈ ਮੱਖਣ ਸਿੰਘ ਗਿੱਲ ਨੂੰ 23 ਅਕਤੂਬਰ 2010 ਨੂੰ ਉੱਤਰ ਪ੍ਰਦੇਸ਼ ਵਿਚ ਭਾਰਤ-ਨੇਪਾਲ ਦੇ ਬਡਨੀ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਭਾਈ ਮੱਖਣ ਸਿੰਘ ਗਿੱਲ ਦੇ ਇੰਕਸਾਫ ਮੁਤਾਬਕ ਇਕ ਏ.ਕੇ 47 ਦੀ ਬਰਾਮਦਗੀ ਵੀ ਕੀਤੀ ਗਈ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਗ੍ਰਿਫਤਾਰੀ ਮੌਕੇ ਭਾਈ ਮੱਖਣ ਸਿੰਘ ਗਿੱਲ ਪਾਸੋਂ ਕੋਈ ਵੀ ਇਤਾਰਾਜ਼ਯੋਗ ਚੀਜ਼ ਬਰਾਮਦ ਨਹੀਂ ਸੀ ਹੋਈ ਪਰ ਇਸ ਕੇਸ ਵਿਚ ਸਰਕਾਰੀ ਪੱਖ ਮੋਟਰਸਾਈਕਲ ਵਿਚੋਂ ਮਿਲੇ ਬਾਰੂਦ ਅਤੇ ਏ.ਕੇ 47 ਦੀ ਬਰਾਮਦਗੀ ਦਾ ਸਬੰਧ ਭਾਈ ਮੱਖਣ ਸਿੰਘ ਗਿੱਲ ਨਾਲ ਜੋੜਨ ਵਿਚ ਸਫਲ ਨਹੀਂ ਹੋਇਆ ਜਿਸ ਦਾ ਲਾਭ ਮਾਣਯੋਗ ਅਦਾਲਤ ਨੇ ਭਾਈ ਮੱਖਣ ਸਿੰਘ ਗਿੱਲ ਨੂੰ ਦਿੰਦਿਆਂ ਬਰੀ ਕਰਨਾ ਦਾ ਹੁਕਮ ਸੁਣਾਇਆ।