ਸਿੱਖ ਖਬਰਾਂ

ਹਾਈਕੋਰਟ ਦੇ ਆਦੇਸ਼ਾਂ ‘ਤੇ ਸੰਭਵ ਹੋਈ 1992 ਤੋਂ ਨਜ਼ਰਬੰਦ ਸਿੱਖ ਖਾੜਕੂ ਆਗੂ ਭਾਈ ਲਾਲ ਸਿੰਘ ਦੀ ਰਿਹਾਈ

By ਐਡਵੋਕੇਟ ਜਸਪਾਲ ਸਿੰਘ ਮੰਝਪੁਰ

June 24, 2011

ਨਾਭਾ/ਪਟਿਆਲਾ (20 ਜੂਨ, 2011): 1984 ਦੇ ਦਰਬਾਰ ਸਾਹਿਬ ਹਮਲੇ ਅਤੇ ਸਿੱਖ ਕਤਲੇਆਮ ਤੋਂ ਬਾਅਦ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਵਲੂੰਧਰੀਆਂ ਗਈਆਂ। ਸਿੱਟੇ ਵਜੋਂ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਗੈਰਤਮੰਦ ਸਿੱਖਾਂ ਨੇ ਗੁਰੂ ਸਾਹਿਬਾਨ ਦੇ ਬਖਸ਼ੇ ਸਿਧਾਤਾਂ ਮੁਤਾਬਕ ਹਥਿਆਰਬੰਦ ਸੰਘਰਸ਼ ਵਿਚ ਕੁੱਦਣਾ ਕੀਤਾ ਜਿਸ ਵਿਚ ਭਾਈ ਲਾਲ ਸਿੰਘ ਸਪੁੱਤਰ ਸ੍ਰ. ਭਾਗ ਸਿੰਘ, ਵਾਸੀ ਪਿੰਡ ਨਵਾਂ ਪਿੰਡ ਅਕਾਲਗੜ (ਫਗਵਾੜਾ) ਜਿਲ੍ਹਾ ਕਪੂਰਥਲਾ ਦਾ ਨਾਮ ਸਭ ਤੋਂ ਅੱਗੇ ਹੈ। ਭਾਈ ਲਾਲ ਸਿੰਘ ਜੂਨ 1984 ਵਿਚ ਕੈਨੇਡਾ ਵਿਚ ਵਸ ਰਹੇ ਸਨ ਅਤੇ ਸ੍ਰੀ ਦਰਬਾਰ ਸਾਹਿਬ ਉੱਤੇ ਭਾਰਤੀ ਫੌਜਾਂ ਦੇ ਹਮਲੇ ਉਪਰੰਤ ਉਹ ਕੈਨੇਡਾ ਦੀ ਧਰਤੀ ਨੂੰ ਅਲਵਿਦਾ ਆਖ ਕੇ ਗੁਰੂ ਵਰੋਸਾਈ ਧਰਤ ਪੰਜਾਬ ਉੱਤੇ ਗੁਰੂ-ਸਿਧਾਤਾਂ ਦਾ ਰਾਜ ਸਥਾਪਤ ਕਰਨ ਲਈ ਤੁਰ ਪਏ। ਬਿਖੜੇ ਪੈਂਡਿਆਂ ਤੇ ਲੰਮੇ ਸੰਘਰਸ਼ ਤੋਂ ਬਾਅਦ ਉਹਨਾਂ ਦੀ 1992 ਵਿਚ ਮੁਂੰਬਈ ਦਾਦਰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰੀ ਹੋਈ। ਕਈ ਮਹੀਨੇ ਤਸ਼ੱਦਦ ਤੋਂ ਬਾਅਦ ਉਹਨਾਂ ਉੱਤੇ ਕਈ ਕੇਸ ਪਾ ਦਿੱਤ ਗਏ ਜੋ ਹੌਲੀ-ਹੌਲੀ ਖਾਰਜ਼ ਹੁੰਦੇ ਗਏ ਪਰ ਅਹਿਮਦਾਬਾਦ(ਗੁਜਰਾਤ) ਵਿਚ ਹਥਿਆਰਾਂ ਦੀ ਬਰਾਮਦਗੀ ਤੇ ਟਾਡਾ ਦੇ ਕੇਸ ਵਿਚ ਉਹਨਾਂ ਨੂੰ ਸੁਪਰੀਮ ਕੋਰਟ ਵਿਚੋਂ ਉਮਰ ਕੈਦ ਦੀ ਸਜ਼ਾ ਹੋਈ।ਭਾਰਤੀ ਨਿਆਂ ਪਰਬੰਧ ਵਿਚ ਹਥਿਆਰਾਂ ਦੀ ਬਰਾਮਦਗੀ ਵਿਚ ਸਭ ਤੋਂ ਵੱਧ ਲੰਮੀ ਕੈਦ ਕੱਟਣ ਵਾਲੇ ਭਾਈ ਲਾਲ ਸਿੰਘ ਇੱਕੋ-ਇੱਕ ਵਿਅਕਤੀ ਹਨ।ਸਜ਼ਾ ਹੋਣ ਤੋਂ ਬਾਅਦ ਉਹ 1999 ਵਿਚ ਪਹਿਲਾਂ ਜਲੰਧਰ ਜੇਲ਼੍ਹ ਤੇ ਫਿਰ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਤਬਦੀਲ ਕਰ ਦਿੱਤੇ ਗਏ।ਇਸ ਦਰਮਿਆਨ ਉਹਨਾਂ ਨੂੰ ਕੈਨੇਡਾ ਦੀ ਪੁਲਿਸ ਕਨਿਸ਼ਕ ਕਾਂਡ ਵਿਚ ਗਵਾਹ ਬਣਾਉਣ ਲਈ ਵੀ ਪੁੱਜੀ ਕਿ ਉਹਨਾਂ ਨੂੰ ਕਈ ਮਿਲੀਆਨ ਡਾਲਰ ਤੇ ਭਾਰਤ ਵਿਚਲੇ ਸਾਰੇ ਕੇਸ ਖਤਮ ਕਰਵਾ ਕੇ ਪਰਿਵਾਰ ਸਮੇਤ ਦੁਨੀਆਂ ਵਿਚ ਕਿਤੇ ਵੀ ਪੱਕੀ ਰਿਹਾਇਸ਼ ਦਿੱਤੀ ਜਾਵੇਗੀ ਪਰ ਭਾਈ ਲਾਲ ਸਿੰਘ ਨੇ ਸਿੱਖੀ ਸਿਦਕ ਕਾਇਮ ਰੱਖਦਿਆ ਜੁੱਤੀ ਦੀ ਨੋਕ ਨਾਲ ਸਭ ਲਾਲਚਾਂ ਨੂੰ ਠੋਕਰ ਮਾਰੀ। ਭਾਵੇਂ ਕਿ ਦਸੰਬਰ 2010 ਵਿਚ ਗੁਜਰਾਤ ਸਰਕਾਰ ਨੇ ਭਾਈ ਲਾਲ ਸਿੰਘ ਦੀ ਪੱਕੀ ਰਿਹਾਈ ਦਾ ਨਕਸ਼ਾ ਫੇਲ਼ ਕਰ ਦਿੱਤਾ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਨਵਾਬ ਸਿੰਘ ਨੇ 25 ਮਈ 2011 ਨੂੰ ਗੁਜਰਾਤ ਸਰਕਾਰ ਦੇ ਇਸ ਹੁਕਮ ਨੂੰ ਖਾਰਜ਼ ਕਰਦਿਆਂ ਭਾਈ ਲਾਲ ਸਿੰਘ ਜੀ ਦੇ ਜੇਲ੍ਹ ਵਿਚ ਚੰਗੇ ਆਚਰਣ, 42-42 ਦਿਨਾਂ ਦੀਆਂ 14 ਤੋਂ ਵੱਧ ਪੈਰੌਲਾਂ ਸ਼ਾਤਮਈ ਕੱਟਣ ਕਰਕੇ ਅਤੇ ਕਪੂਰਥਲਾ ਜਿਲ੍ਹਾ ਪ੍ਰਸਾਸ਼ਨ ਤੇ ਪੁਲਿਸ ਪ੍ਰਸਾਸ਼ਨ ਦੀ ਰਿਪੋਰਟ ਲਾਲ ਸਿੰਘ ਦੇ ਹੱਕ ਵਿਚ ਹੋਣ ਕਾਰਨ ਭਾਈ ਲਾਲ ਸਿੰਘ ਨੂੰ 5 ਲੱਖ ਦੀ ਜ਼ਮਾਨਤ ਭਰਕੇ ਪੱਕੀ ਪੈਰੌਲ ਦਿੱਤੀ ਹੈ। ਜਿਕਰਯੋਗ ਹੈ ਕਿ ਜੇਲ਼੍ਹ ਦੌਰਾਨ ਹੀ ਭਾਈ ਲਾਲ ਸਿੰਘ ਦੇ ਮਾਤਾ-ਪਿਤਾ ਵੀ ਅਕਾਲ ਚਲਾਣਾ ਕਰ ਗਏ ਅਤੇ ਪੈਰੌਲ ਦੌਰਾਨ ਦੀ ਉਹਨਾਂ ਦਾ ਅਨੰਦ ਕਾਰਜ 2002 ਵਿਚ ਬੀਬੀ ਗੁਰਦੀਪ ਕੌਰ ਨਾਲ ਹੋਇਆ ਸੀ ਅਤੇ 2007 ਵਿਚ ਉਹਨਾਂ ਦੇ ਘਰ ਮਨਮੀਤ ਕੌਰ ਨੇ ਜਨਮ ਲਿਆ ਸੀ। ਭਾਈ ਲਾਲ ਸਿੰਘ ਨੇ ਪੰਥਕ ਜਥੇਬੰਦੀਆਂ, ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਅਤੇ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਦੋਸਤਾਂ-ਮਿੱਤਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਰਿਹਾਈ ਅਤੇ ਜੇਲ੍ਹ ਦੇ ਸਮੇਂ ਦੌਰਾਨ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੀ ਸੰਭਾਲ ਲਈ ਯਤਨ ਕੀਤੇ।ਉਹਨਾਂ ਕਿਹਾ ਕਿ ਸਮੁੱਚੇ ਪੰਥ ਵਲੋਂ ਜਿੱਥੇ ਜੂਨ 84 ਦੀ ਯਾਦਗਾਰ ਕਾਇਮ ਕਰਨ ਤੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਏਕਤਾ ਦਾ ਸਬੂਤ ਦਿੱਤਾ ਗਿਆ ਹੈ ਉਹ ਸਵਾਗਤਯੋਗ ਹੈ ਅਤੇ ਆਸ ਕਰਦੇ ਹਾਂ ਕਿ ਪੰਥ ਮੇਰੇ ਵਾਂਗ ਜੇਲ੍ਹਾਂ ਵਿਚ ਬੈਠੇ ਸਭ ਸਿੰਘਾਂ ਦੀ ਰਿਹਾਈ ਲਈ ਉਦਮ ਕਰੇਗਾ।ਭਾਈ ਲਾਲ ਸਿੰਘ ਰਿਹਾਈ ਤੋਂ ਬਾਅਦ ਜਿੱਥੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ ਅਤੇ ਖੇਤੀਬਾੜੀ ਵਿਚ ਬਿਜ਼ੀ ਹਨ ਉੱਥੇ ਉਹਨਾਂ ਦਾ ਸਿੱਖ ਸੰਘਰਸ਼ ਦੇ ਲੰਮੇ ਸਮੇਂ ਦੌਰਾਨ ਹਾਸਲ ਕੀਤੇ ਤਜਰਬਿਆਂ ਨੂੰ ਦਸਤਾਵੇਜ਼ੀ ਰੂਪ ਦੇਣ ਦਾ ਵੀ ਵਿਚਾਰ ਹੈ।ਜਿਕਰਯੋਗ ਹੈ ਕਿ ਉਹਨਾਂ ਦੀ ਅਹਿਮਦਾਬਾਦ ਜੇਲ੍ਹ ਵਿਚ ਨਜ਼ਰਬੰਦੀ ਦੌਰਾਨ ਕਈ ਫਿਲਮ ਨਿਰਮਾਤਾ ਉਹਨਾਂ ਦੀ ਜਿੰਦਗੀ ਉੱਤੇ ਆਧਰਾਤ ਫਿਲਮ ਬਣਾਉਂਣ ਦੀ ਪੇਸ਼ਕਸ਼ ਲੈ ਕੇ ਵੀ ਆਏ ਸਨ ਪਰ ਉਹਨਾਂ ਨੇ ਨਾਂਹ ਕਰ ਦਿੱਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: