ਐਸ.ਏ.ਐਸ. ਨਗਰ ( 24 ਦਸੰਬਰ, 2014): ਗੁਰੂ ਆਸਰਾ ਟਰੱਸਟ ਦੇ ਮੁੱਖੀ ਕੰਵਰਪਾਲ ਸਿੰਘ ਧਾਮੀ ਨੂੰ ਮੋਹਾਲੀ ਪੁਲਿਸ ਵੱਲੋਂ ਦਰਜ਼ ਕਰੀਬ ਨੌ ਸਾਲ ਪੁਰਾਣੇ ਦੇਸ਼ ਧਰੋਹ ਦੇ ਇੱਕ ਕੇਸ ਵਿੱਚੋਂ ਇੱਥੋਂ ਦੀ ਅਦਾਲਤ ਨੇ ਬਾ ਇੱਜ਼ਤ ਬਰੀ ਕਰ ਦਿੱਤਾ ਹੈ।
ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਬੁੱਧਵਾਰ ਨੂੰ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜ਼ਿਲ੍ਹਾ ਪੁਲੀਸ ਕੰਵਰ ਸਿੰਘ ਧਾਮੀ ਖ਼ਿਲਾਫ਼ ਦੇਸ਼ ਧਰੋਹ ਦੇ ਮਾਮਲੇ ਵਿੱਚ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਧਾਮੀ ਨੂੰ ਬੇਕਸੂਰ ਕਰਾਰ ਦਿੰਦਿਆਂ ਬਾਇੱਜ਼ਤ ਬਰੀ ਕਰ ਦਿੱਤਾ।
ਧਾਮੀ ਵਿਰੁੱਧ 8 ਮਾਰਚ 2006 ਨੂੰ ਫੇਜ਼-1 ਥਾਣੇ ਵਿੱਚ ਉਸ ਸਮੇਂ ਦੇ ਐਸਐਚਓ ਸਤਨਾਮ ਸਿੰਘ ਦੇ ਬਿਆਨਾਂ ’ਤੇ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਇਹ ਕਾਰਵਾਈ ਇਕ ਟੀਵੀ ਚੈਨਲ ’ਤੇ ਪ੍ਰਸਾਰਿਤ ਪ੍ਰੋਗਰਾਮ ਨੂੰ ਆਧਾਰ ਬਣਾ ਕੇ ਕੀਤੀ ਗਈ ਸੀ।
ਜੀ ਨਿਊਜ਼ ਵੱਲੋਂ ਇੱਕ ਪ੍ਰੋਗਰਾਮ ਸਬੰਧੀ ਪੰਜ ਨਾਮਵਰ ਵਿਅਕਤੀ ਜਿਨ੍ਹਾਂ ‘ਚ ਕੰਵਰ ਸਿੰਘ ਧਾਮੀ ਮੁਹਾਲੀ ਤੋਂ, ਭਾਈ ਦਲਜੀਤ ਸਿੰਘ ਬਿੱਟੂ ਲੁਧਿਆਣਾ ਤੋਂ, ਡਾ: ਸੋਹਣ ਸਿੰਘ ਪੰਥਕ ਕਮੇਟੀ ਦੇ ਮੁਖੀ, ਡਾ: ਜਗਜੀਤ ਸਿੰਘ ਚੌਹਾਨ ਟਾਂਡਾ ਤੋਂ ਤੇ ਸਿਮਰਨਜੀਤ ਸਿੰਘ ਮਾਨ ਫਤਿਹਗੜ੍ਹ ਸਾਹਿਬ ਸ਼ਾਮਿਲ ਸਨ, ਤੋਂ ਇੰਟਰਵਿਊ ਲਈ ਸੀ, ਜਿਸ ‘ਚ ਉਕਤ ਵਿਅਕਤੀਆਂ ਨੇ ਖਾਲਿਸਤਾਨ ਸਬੰਧੀ ਬਿਆਨ ਦਿੱਤੇ ਸਨ ।
ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸ਼ਿਵ ਮੋਹਨ ਗਰਗ ਦੀ ਅਦਾਲਤ ਵਿੱਚ ਚੱਲ ਰਹੀ ਸੀ।