ਵੈਨਕੂਵਰ (7 ਸਤੰਬਰ, 2015): ਆਪਣੀ ਸ਼ਹਾਦਤ ਦੇਕੇ ਪੰਜਾਬ ਵਿੱਚ ਭਾਰਤੀ ਹਕੂਮਤ ਦੀ ਸਰਪ੍ਰਸਤੀ ਹੇਠ ਹੋਏ ਮਨੁੱਖੀ ਹੱਕਾਂ ਦੇ ਘਾਣ ਨੂੰ ਨੰਗਿਆਂ ਕਰਨ ਵਾਲੇ ਮਨੁੱਖੀ ਅੀਧਕਾਰਾਂ ਦੇ ਰਖਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਕੈਨੇਡਾ ‘ਚ ‘ਮਨੁੱਖੀ ਅਧਿਕਾਰਾਂ ਦੇ ਰਖਵਾਲੇ’ ਦੇ ਖਿਤਾਬ ਨਾਲ 20 ਸਾਲ ਪਹਿਲਾਂ ਸਨਮਾਨੇ ਗਏ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸਰੀ ਸਥਿਤ ਸਟਰਾਅਬੇਰੀ ਹਿੱਲ ਲਾਇਬਰੇਰੀ ‘ਚ ਸਮਾਗਮ ਹੋਇਆ। ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਖਾਲੜਾ ਵੱਲੋਂ ਲਾਵਾਰਿਸ ਲਾਸ਼ਾਂ ਦਾ ਸਬੰਧ ‘ਚ ਕੀਤੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ।
ਚਿੱਤਰਕਾਰ ਜਰਨੈਲ ਸਿੰਘ ਵੱਲੋਂ ਸ਼ਹੀਦ ਖਾਲੜਾ ਦੇ ਤਿਆਰ ਕੀਤੇ ਚਿੱਤਰ ਤੋਂ ਸਮਾਗਮ ‘ਚ ਪਰਦਾ ਉਠਾਇਆ ਗਿਆ। ਲੇਖਕ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਵੱਲੋਂ ਭਾਈ ਮੇਵਾ ਸਿੰਘ ਲੋਪੋਕੇ ਬਾਰੇ ਲਿਖੀ ਤੇ ਚੇਤਨਾ ਪ੍ਰਕਾਸ਼ਨ ਵੱਲੋਂ ਤਿਆਰ ਕੀਤੀ ਕਿਤਾਬ ਇਸ ਮੌਕੇ ‘ਤੇ ਲੋਕ ਅਰਪਣ ਕੀਤੀ ਗਈ।
ਲੇਖਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਮੇਵਾ ਸਿੰਘ ਲੋਪੋਕੇ, ਭਾਈ ਭਾਗ ਸਿੰਘ, ਬਾਈ ਬਦਨ ਸਿੰਘ ਅਤੇ ਸ: ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਮਗਰੋਂ ਮੌਜੂਦਾ ਸਮੇਂ ਦੀਆਂ ਫਾਸੀਵਾਦੀ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਡੱਟਣ ਦੀ ਲੋੜ ਹੈ।
ਵਿਧਾਇਕ ਹੈਰੀ ਬੈਂਸ ਵੱਲੋਂ ਇਹ ਪੁਸਤਕ ਸਰੋਤਿਆਂ ਨਾਲ ਮਿਲ ਕੇ ਰਿਲੀਜ਼ ਕੀਤੀ ਗਈ। ਬੁਲਾਰਿਆਂ ‘ਚ ਕਿਤਾਬ ਨੂੰ ਪੰਜਾਬੀ ‘ਚ ਅਨੁਵਾਦਿਤ ਕਰਨ ਵਾਲੇ ਡਾ: ਰਘਬੀਰ ਸਿੰਘ ਸਿਰਜਣਾ, ਡਾ: ਸਾਧੂ ਸਿੰਘ, ਸੁਨੀਲ ਕੁਮਾਰ, ਮੀਨਾਕਸ਼ੀ, ਪਲਵਿੰਦਰ ਸਵੈਚ ਅਤੇ ਲੇਖਕ ਦੀ ਸੁਪਤਨੀ ਰਚਨਾ ਨੇ ਸੰਬੋਧਨ ਕੀਤਾ। ਕਰੀਬ ਦੋ ਘੰਟੇ ਚੱਲੇ ਇਸ ਸਮਾਗਮ ‘ਚ ਸਾਬਕਾ ਐਮ. ਐਲ. ਏ. ਤਾਲਿਬ ਸਿੰਘ ਸੰਧੂ, ਜਰਨੈਲ ਸਿੰਘ ਸੇਖਾ, ਪ੍ਰਸ਼ੋਤਮ ਦੁਸਾਂਝ, ਸੁਖਵੰਤ ਹੁੰਦਲ, ਆਦਿ ਸ਼ਾਮਿਲ ਹੋਏ।