ਵਿਦੇਸ਼

ਮਨੁੱਖੀ ਅਧਿਕਾਰ ਦਿਹਾੜੇ ‘ਤੇ ਓਲਡਬਰੀ (ਯੂ.ਕੇ.) ਵਿਖੇ ਸ਼ਹੀਦ ਖਾਲੜਾ ਦੀ ਯਾਦ ‘ਚ ਸੈਮੀਨਾਰ ਕਰਵਾਇਆ ਗਿਆ

By ਸਿੱਖ ਸਿਆਸਤ ਬਿਊਰੋ

December 14, 2016

ਬਰਮਿੰਘਮ: 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਥਕ ਬੁਲਾਰਿਆਂ ਨੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਬਾਰੇ ਪਰਚੇ ਪੜ੍ਹੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਗੁਰਦੁਆਰਾ ਅੰਮ੍ਰਿਤ ਪਰਚਾਰ ਧਾਰਮਕ ਦੀਵਾਨ ਓਲਡਬਰੀ ਦੇ ਹਾਲ ਵਿੱਚ ਇਹ ਸੈਮੀਨਾਰ ਕਰਵਾਇਆ ਗਿਆ, ਜਿਸਦਾ ਆਗਾਜ਼ ਭਾਈ ਮਹਿੰਦਰ ਸਿੰਘ ਖਹਿਰਾ ਨੇ ਕਰਦਿਆਂ ਸਾਰੇ ਵਿਦਵਾਨਾਂ ਅਤੇ ਆਈ ਸੰਗਤ ਨੂੰ ਜੀ ਆਇਆਂ ਆਖਿਆ। ਡਾਕਟਰ ਗੁਰਨਾਮ ਸਿੰਘ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਕੌਮਾਂਤਰੀ ਕਨੂੰਨਾਂ ਦੇ ਸੰਦਰਭ ਵਿੱਚ ਸਿੱਖ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਆਖਿਆ ਕਿ ਭਾਰਤੀ ਸਟੇਟ ਨੇ ਅਜਿਹਾ ਢਾਂਚਾ ਸਿਰਜ ਲਿਆ ਹੈ ਜਿਸ ਵਿੱਚ ਘੱਟ ਗਿਣਤੀਆਂ ਦਾ ਸਾਹ ਲੈਣਾਂ ਔਖਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਵੀ ਵਕਤ ਦੀ ਤ੍ਰਾਸਦੀ ਹੀ ਹੈ ਕਿ ਸਭ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਅੱਜ ਕਿਸੇ ਤੋਂ ਆਪਣੇ ਹੱਕਾਂ ਦੀ ਰਾਖੀ ਦੀ ਉਮੀਦ ਰੱਖ ਰਹੇ ਹਨ।

ਭਾਈ ਨਿਰਮਲਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਮਨੁੱਖਤਾ ਦੇ ਹੱਕਾਂ ਦੀ ਰਾਖੀ ਲਈ ਅਵਾਜ਼ ਬੁਲੰਦ ਕੀਤੀ। ਬਾਬਰ ਨੂੰ ਜਾਬਰ ਆਖ ਕੇ ਅਤੇ ਫਿਰ ਔਰਤ ਨੂੰ ਉਸ ਸਮੇਂ ਅਜ਼ਾਦੀ ਦੀ ਗੱਲ ਉਠਾਕੇ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਹੱਕਾਂ ਦੀ ਲਹਿਰ ਦੀ ਅਗਵਾਈ ਕੀਤੀ ਜਦੋਂ ਪੱਛਮੀ ਸਮਾਜ ਵਿੱਚ ਇਸ ਗੱਲ ਦਾ ਚਿੱਤ ਚੇਤਾ ਵੀ ਨਹੀ ਸੀ। ਉਨ੍ਹਾਂ ਨੇ ਵੀ ਸਿੱਖਾਂ ਨੂੰ ਆਪਣੇ ਹੱਕਾਂ ਦੀ ਆਪ ਰਾਖੀ ਲਈ ਯਤਨਸ਼ੀਲ ਹੋਣ ਲਈ ਆਖਿਆ।

ਭਾਈ ਜਰਨੈਲ ਸਿੰਘ ਸਟੇਜ ਸਕੱਤਰ ਨੇ ਆਪਣੇ ਸੰਬੋਧਨ ਵਿੱਚ ਸਿੱਖ ਇਤਿਹਾਸ ਦੇ ਸੰਦਰਭ ਵਿੱਚ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਅਮਰਜੀਤ ਸਿੰਘ ਖਾਲੜਾ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਬਾਰੇ ਵਿਦਵਤਾ ਭਰਪੂਰ ਪਰਚਾ ਪੜ੍ਹਦਿਆਂ ਪੰਜਾਬ ਨਾਲ ਹੁਣ ਤੱਕ ਇਸ ਸਬੰਧੀ ਹੋਏ ਧੱਕੇ ਦੀ ਅਸਲੀਅਤ ਤੱਥਾਂ ਸਹਿਤ ਸੰਗਤ ਦੇ ਰੂ-ਬ-ਰੂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹਰ ਮੌਕੇ ਤੇ ਕੇਂਦਰ ਸਰਕਾਰ ਨੇ ਪੰਜਾਬ ਦਾ ਪਾਣੀ ਖੋਹਣ ਦੇ ਯਤਨ ਹੀ ਕੀਤੇ ਹਨ ਅਤੇ ਪੰਜਾਬ ਨੂੰ ਆਪਣੀ ਬਸਤੀ ਬਣਾਉਣ ਦੇ ਯਤਨਾਂ ਦਾ ਹੀ ਸਿੱਟਾ ਹੈ ਕਿ ਪੰਜਾਬ ਦਾ ਪਾਣੀ ਲਗਾਤਾਰ ਖੋਹਿਆ ਜਾ ਰਿਹਾ ਹੈ। ਹੁਣ ਵੀ ਸੁਪਰੀਮ ਕੋਰਟ ਦਾ ਜੋ ਨਾਦਰਸ਼ਾਹੀ ਹੁਕਮ ਆਇਆ ਹੈ ਉਹ ਰਾਸ਼ਟਰਪਤੀ ਵੱਲੋਂ ਪੁੱਛੇ ਗਏ ਸਵਾਲਾਂ ਨਾਲੋਂ ਬਿਲਕੁਲ ਵੱਖਰਾ ਅਤੇ ਨਾਦਰਸ਼ਾਹੀ ਹੁਕਮ ਹੀ ਹੈ। ਸਲਾਹ ਵਾਲੀ ਉਸ ਵਿੱਚ ਕੋਈ ਗੱਲ ਨਹੀਂ।

ਪੱਤਰਕਾਰ ਅਵਤਾਰ ਸਿੰਘ ਨੇ ਨਸਲਕੁਸ਼ੀ ਦੇ ਸੰਦਰਭ ਵਿੱਚ ਆਪਣਾ ਪਰਚਾ ਪੜ੍ਹਦਿਆਂ ਨਸਲਕੁਸ਼ੀ ਦੀ ਕੌਮਾਂਤਰੀ ਪਰਿਭਾਸ਼ਾ, ਨਸਲਕੁਸ਼ੀ ਦੇ ਕਾਰਨਾਂ, ਇਸਦੇ ਢੰਗ ਤਰੀਕਿਆਂ ਅਤੇ ਇਸ ਦੇ ਘੱਟ-ਗਿਣਤੀਆਂ ਲਈ ਸਬਕਾਂ ਦਾ ਮੁੱਦਾ ਛੋਹਿਆ। ਉਨ੍ਹਾਂ ਆਖਿਆ ਕਿ ਵੱਡੇ ਮੁਲਕਾਂ ਨੂੰ ਛੋਟੇ ਮੁਲਕਾਂ ਵਿੱਚ ਤੋੜ ਦੇਣ ਤੋਂ ਬਿਨਾਂ ਘੱਟ-ਗਿਣਤੀਆਂ ਦੇ ਹੱਕਾਂ ਦੀ ਰਾਖੀ ਨਹੀਂ ਹੋ ਸਕੇਗੀ।

ਭਾਈ ਕੁਲਵੰਤ ਸਿੰਘ ਢੇਸੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਅਸੀਂ ਸਿੱਖ ਆਪ ਹੀ ਬਹੁਤ ਸਾਰੇ ਗਰੁੱਪਾਂ ਵਿੱਚ ਵੰਡੇ ਹੋਏ ਹਾਂ, ਸਾਨੂੰ ਆਪਣੀ ਧੜੇਬੰਦੀ ਤੋਂ ਅੱਗੇ ਸੋਚਣ ਦੀ ਲੋੜ ਹੈ, ਨਹੀਂ ਤਾਂ ਦੁਸ਼ਮਣ ਲਈ ਪਾੜੇ ਨੂੰ ਵਧਾਉਣਾ ਬਹੁਤ ਸੌਖਾ ਕਾਰਜ ਹੈ।

ਭਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਸਿੱਖਾਂ ਦੀ ਕੌਮੀ ਇੱਕਜੁੱਟਤਾ ਹੀ ਕੌਮ ਦੇ ਹੱਕਾਂ ਦੀ ਰਾਖੀ ਦੀ ਜ਼ਾਮਨ ਬਣ ਸਕਦੀ ਹੈ। ਉਨ੍ਹਾਂ ਨੇ ਸਿੱਖਾਂ ਵਿੱਚ ਘੁਸਪੈਠ ਕਰ ਰਹੀ ਬਿਪਰ ਸੰਸਕਾਰਾਂ ਦੀ ਰਵਾਇਤ ਤੋਂ ਸੁਚੇਤ ਹੋਣ ਦੀ ਗੱਲ ਆਖੀ।

ਸਬੰਧਤ ਖਬਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਸੰਸਥਾਵਾਂ ਨੇ ਲਿਖਿਆ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਪੱਤਰ …

ਭਾਈ ਜੋਗਾ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਤਾਂ ਸਿਰਫ ਇੱਕ ਢੰਗ ਨਾਲ ਹੀ ਹੋ ਸਕਦੀ ਹੈ ਉਹ ਹੈ ਖਾਲਸਾਈ ਪਰੰਪਰਾਵਾਂ। ਪਹਿਲਾਂ ਵੀ ਸਿੱਖ ਨੌਜਵਾਨਾਂ ਨੇ ਖਾਲਸਾਈ ਪਰੰਪਰਾਵਾਂ ਅਧੀਨ ਹੀ ਪਾਣੀਆਂ ਦੀ ਰਾਖੀ ਕੀਤੀ ਸੀ ਅਤੇ ਹੁਣ ਵੀ ਇਹੋ ਹੀ ਰਾਹ ਹੈ।

ਡਾਕਟਰ ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਿੱਖਾਂ ਨੂੰ ਰਾਜਨੀਤਿਕ ਤੌਰ ‘ਤੇ ਸਿਆਣੇ ਅਤੇ ਸੁਚੇਤ ਹੋਣ ਦੀ ਗੱਲ ਆਖੀ ਉਨ੍ਹਾਂ ਨੇ 1869 ਦੀ ਇੱਕ ਮੀਟਿੰਗ ਦਾ ਹਵਾਲਾ ਦੇਂਦਿਆਂ ਆਖਿਆ ਕਿ ਅੰਗਰੇਜ਼ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬਰਾਹ ਦੀ ਨਿਯੁਕਤੀ ਆਪਣੇ ਅਧੀਨ ਰੱਖਣਾਂ ਚਾਹੁੰਦੇ ਸਨ ਤਾਂ ਕਿ ਕਿਸੇ ਸੰਭਾਵੀ ਬਗਾਵਤ ਨੂੰ ਰੋਕਿਆ ਜਾ ਸਕੇ। ਹੁਣ ਵੀ ਇਹੋ ਕੁਝ ਹੋ ਰਿਹਾ ਹੈ। ਸਿੱਖ ਪੰਥ ਨੂੰ ਆਪਣੀਆਂ ਸੰਸਥਾਵਾਂ ਨੂੰ ਪੰਥਕ ਰੀਝ ਮੁਤਾਬਕ ਚਲਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ।

ਭਾਈ ਗੁਰਦੇਵ ਸਿੰਘ ਚੌਹਾਨ ਨੇ ਵੀ ਸਿੱਖਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਸੁਚੇਤ ਹੋਣ ਅਤੇ ਸੰਘ ਪਰਿਵਾਰ ਦੀਆਂ ਘਟੀਆ ਚਾਲਾਂ ਨੂੰ ਮਾਤ ਦੇਣ ਲਈ ਯਤਨਸ਼ੀਲ ਹੋਣ ਦੀ ਗੱਲ ਆਖੀ।

ਭਾਈ ਮਹਿੰਦਰ ਸਿੰਘ ਖਹਿਰਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਸਿੱਖ ਕੌਮ ਇੱਕ ਵੱਖਰੀ ਅਤੇ ਨਿਆਰੀ ਕੌਮ ਹੈ ਅਤੇ ਭਾਰਤ ਸਰਕਾਰ ਜੋ ਇਹ ਯਤਨ ਕਰ ਰਹੀ ਹੈ ਕਿ ਇਨ੍ਹਾਂ ਦੇ ਇਤਿਹਾਸ ਅਤੇ ਬਾਣੀ ਬਾਰੇ ਸ਼ੰਕੇ ਖੜ੍ਹੇ ਕਰਕੇ ਸਿੱਖਾਂ ਨੂੰ ਗੁਲਾਮ ਬਣਾਇਆ ਜਾ ਸਕਦਾ ਹੈ ਇਹ ਯਤਨ ਸਫਲ ਨਹੀਂ ਹੋਣਗੇ ਕਿਉਂਕਿ ਸਿੱਖਾਂ ਦਾ ਆਪਣੇ ਗੁਰੂ ਸਾਹਿਬ ਤੇ ਗੁਰ-ਇਤਿਹਾਸ ਨਾਲ ਲਹੂ ਦਾ ਰਿਸ਼ਤਾ ਹੈ ਜੋ ਖਤਮ ਨਹੀਂ ਹੋ ਸਕਦਾ।

ਭਾਈ ਗੁਰਚਰਨ ਸਿੰਘ ਅਤੇ ਭਾਈ ਸੁਖਦੀਪ ਸਿੰਘ ਰੰਧਾਵਾ ਨੇ ਵੀ ਸੈਮੀਨਾਰ ਵਿੱਚ ਆਪਣੇ ਵਿਚਾਰ ਰੱਖੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: