ਭਾਈ ਜਸਪਾਲ ਸਿੰਘ ਦਾ ਜਨਮ 5 ਮਈ, 1993 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਪਿਤਾ ਸ: ਗੁਚਰਨਜੀਤ ਸਿੰਘ ਬਿੱਟੂ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਮੁਢਲੀ ਪੜ੍ਹਾਈ ਆਰਮੀ ਸਕੂਲ ਨਾਭਾ ਤੋਂ ਪ੍ਰਾਪਤ ਕੀਤੀ। ਇਥੋਂ ਪੰਜਵੀਂ ਪਾਸ ਕਰਨ ਉਪਰੰਤ ਸੁਖਜਿੰਦਰ ਸਿੰਘ ਸੀਨੀ. ਸੈਕੰਡਰੀ ਸਕੂਲ ਹਯਾਤ ਨਗਰ ਤੋਂ ਦਸਵੀਂ ਅਤੇ ਫਿਰ ਸ਼ਹੀਦ ਮੇਜਰ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਤੋਂ ਬਾਰਵੀਂ ਪਾਸ ਕੀਤੀ। ਉਪਰੰਤ ਉਨ੍ਹਾਂ ਬੇਅੰਤ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਵਿਖੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਪਹਿਲੇ ਸਾਲ ਵਿਚ ਦਾਖਲਾ ਲਿਆ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦਾ ਧਾਰਨੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਜਸਪਾਲ ਸਿੰਘ ਸਿੱਧੂ ਆਪਣੇ ਮਾਪਿਆਂ ਦਾ ਇਕਲੌਤਾ ਸਪੁੱਤਰ ਸੀ। ਪਰ 29 ਮਾਰਚ ਨੂੰ ਉਹ ਗੁਰਦਾਸਪੁਰ ਸ਼ਹਿਰ ਅੰਦਰ ਸੰਘਰਸ਼ ਦੌਰਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ। ਭਾਈ ਜਸਪਾਲ ਸਿੰਘ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਦਾ ਭੋਗ 7 ਅਪ੍ਰੈਲ ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਗ੍ਰਹਿ ਪਿੰਡ ਚੌੜ ਸਿੱਧਵਾਂ ਵਿਖੇ ਪਵੇਗਾ। ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਕੀਰਤਨ ਕਰਨਗੇ। ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਭਾਈ ਜਸਪਾਲ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਂਟ ਕਰਨਗੀਆਂ।
-ਵਰਿੰਦਰ ਸਹੋਤਾ