ਪਟਿਆਲਾ (8 ਅਕਤੂਬਰ, 2015): ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਕੇਸ ਸਬੰਧੀ ਇੱਥੇ ਵਧੀਕ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਵਿੱਚ ਹੋਈ ਸੁਣਵਾਈ ਭਾਈ ਜਗਤਾਰ ਸਿੰਘ ਤਾਰਾ, ਜੋ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਸਬੰਧੀ ਜੇਲ੍ਹ ਵਿੱਚ ਬੰਦ ਹੈ, ਨੂੰ ਅੱਜ ਮਾਡਲ ਜੇਲ੍ਹ ਬੁੜੈਲ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਅਦਾਲਤ ਵਿੱਚ ਪੇਸ਼ ਕਰਕੇ ਪੇਸ਼ੀ ਭੁਗਤਾਈ ਗੲੀ ਜਦਕਿ ਇਸੇ ਕੇਸ ਦੇ ਇੱਕ ਹੋਰ ਮੁਲਜ਼ਮ ਰਮਨਦੀਪ ਸਿੰਘ ਗੋਲਡੀ ਨੂੰ ਨਾਭਾ ਜੇਲ੍ਹ ਵਿੱਚੋਂ ਪੁਲੀਸ ਸਖ਼ਤ ਪਹਿਰੇ ਹੇਠ ਇੱਥੇ ਅਦਾਲਤ ਵਿੱਚ ਲੈ ਕੇ ਆਈ।
ਮੁਲਜ਼ਮਾਂ ਦੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਵੀ ਅਦਾਲਤ ਵਿੱਚ ਹਾਜ਼ਰ ਸਨ। ਕੇਸ ਦੀ ਅਗਲੀ ਸੁਣਵਾਈ 2 ਨਵੰਬਰ ‘ਤੇ ਪੈ ਗਈ ਹੈ। ਦੱਸਣਯੋਗ ਹੈ ਕਿ 29 ਜੁਲਾੲੀ 2009 ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਗਏ ਰੁਲਦਾ ਸਿੰਘ ਦੀ 15 ਅਗਸਤ 2009 ਨੂੰ ਪੀ.ਜੀ.ਆਈ. ਵਿੱਚ ਮੌਤ ਹੋ ਗਈ ਸੀ। ਇਸ ਸਬੰਧੀ ਭਾਵੇਂ ਅਦਾਲਤ ਵੱਲੋਂ ਪੰਜ ਮੁਲਜ਼ਮਾਂ ਨੂੰ ਬਰੀ ਕੀਤਾ ਜਾ ਚੁੱਕਾ ਹੈ ਪਰ ਤਾਰਾ ਤੇ ਗੋਲਡੀ ਨੂੰ ਪਿਛਲੇ ਸਾਲ ਹੀ ਥਾਇਲੈਂਡ ਅਤੇ ਮਲੇਸ਼ੀਆ ਤੋਂ ਫੜਕੇ ਇੱਥੇ ਲਿਆਂਦਾ ਗਿਆ ਸੀ,
ਜਿਸ ਕਰਕੇ ਇਨ੍ਹਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਬਾਅਦ ਵਿੱਚ ਪੇਸ਼ ਹੋਏ। ਇਸੇ ਕਾਰਨ ਇਨ੍ਹਾਂ ਦੋਵਾਂ ਖ਼ਿਲਾਫ਼ ਇਹ ਕੇਸ ਪਹਿਲੇ ਮੁਲਜ਼ਮਾਂ ਨਾਲੋਂ ਵੱਖਰੇ ਤੌਰ ‘ਤੇ ਚੱਲ ਰਿਹਾ ਹੈ।