ਨਵੀਂ ਦਿੱਲੀ: ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੇ ਜਰਮਨ ਅਤੇ ਇਟਲੀ ‘ਚ ਹੋਈਆਂ ਘਟਨਾਵਾਂ ‘ਤੇ ਦੁਖ ਦਾ ਇਜ਼ਹਾਰ ਕੀਤਾ ਹੈ। ਜੇਲ੍ਹ ‘ਚ ਮੁਲਾਕਾਤ ਕਰਨ ਵਾਲੇ ਰਾਹੀਂ ਭੇਜੇ ਸੰਦੇਸ਼ ‘ਚ ਭਾਈ ਹਵਾਰਾ ਨੇ ਇਹ ਕਿਹਾ ਕਿ ਵਿਚਾਰਾਂ ਦੇ ਮਤਭੇਦ ਨੂੰ ਟਕਰਾਅ ‘ਚ ਨਹੀਂ ਬਦਲਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁੱਦਿਆਂ ‘ਤੇ ਸਮੂਹ ਸਿੱਖ ਇਕ ਮਤ ਹਨ ਉਹਨਾਂ ਮੁੱਦਿਆਂ ਦੀ ਸਾਂਝ ਨੂੰ ਮਜਬੂਤ ਕਰ ਕੇ ਕੌਮੀ ਮੰਜ਼ਲ ਵੱਲ ਕਦਮ ਵਧਾਏ ਜਾਣੇ ਚਾਹੀਦੇ ਹਨ।
ਸਬੰਧਤ ਖ਼ਬਰ: ਗਿਆਨੀ ਗੁਰਬਚਨ ਸਿੰਘ; ਫਰੈਂਕਫਰਟ ‘ਚ ਹੋਏ ਟਕਰਾਅ ਲਈ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ ‘ਤੇ ਸੱਦਾਂਗੇ …
ਭਾਈ ਹਵਾਰਾ ਨੇ ਭਾਈ ਪੰਥਪ੍ਰੀਤ ਸਿੰਘ ਦੇ ਜਰਮਨ ਅਤੇ ਇਟਲੀ ਵਿਚ ਹੋਏ ਵਿਰੋਧ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਕ ਸਿੱਖ ਦੇ ਦੂਜੇ ਸਿੱਖ ਨਾਲ ਜੇਕਰ ਵਿਚਾਰਾਂ ਦੇ ਕੁਝ ਮਤਭੇਦ ਹੁੰਦੇ ਵੀ ਹਨ ਤਾਂ ਉਹਨਾਂ ਨੂੰ ਦੁਸ਼ਮਣਾਂ ਵਾਂਗ ਨਜਿੱਠਣਾ ਅਤੇ ਹਲਕੇ ਪੱਧਰ ਦੀ ਸ਼ਬਦਾਵਲੀ ਵਰਤਣੀ ਗੁਰਸਿੱਖਾਂ ਨੂੰ ਸ਼ੋਭਾ ਨਹੀਂ ਦਿੰਦੀ। ਉਹਨਾਂ ਕਿਹਾ ਕਿ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਜ਼ਾਲਮ ਅਤੇ ਜਰਵਾਣੇ ਚੈਨ ਦੀ ਨੀਂਦ ਸੌਂਦੇ ਹਨ, ਬਿਨਾਂ ਰੋਕ ਟੋਕ ਆਪਣੇ ਕਾਰ ਵਿਹਾਰ ਕਰਦੇ ਹਨ, ਪਰ ਗੁਰੂ ਦੇ ਸਿੱਖ ਆਪੋ ਵਿਚ ਹੀ ਇਕ ਦੂਜੇ ਦੇ ਵਿਰੁੱਧ ਡਾਂਗਾਂ ਚੁੱਕੀ ਫਿਰਦੇ ਹਨ, ਇਹ ਸਥਿਤੀ ਪੂਰੀ ਦੁਨੀਆਂ ਵਿਚ ਸਿੱਖ ਕੌਮ ਲਈ ਨਮੋਸ਼ੀ ਅਤੇ ਜੱਗ ਹਸਾਈ ਦਾ ਕਾਰਨ ਬਣਦੀ ਹੈ।
ਭਾਈ ਹਵਾਰਾ ਨੇ ਪੂਰੀ ਕੌਮ ਦੇ ਨਾਂ ਸੁਨੇਹਾ ਦਿੰਦੇ ਹੋਏ ਕਿਹਾ ਕਿ ਜਿਹੜੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ, ਪੰਜ ਕਕਾਰਾਂ ਦੇ ਧਾਰਨੀ ਹਨ, ਉਹਨਾਂ ਦੇ ਆਪੋ ਵਿਚ ਜੇਕਰ ਕਿਸੇ ਮੁੱਦੇ ‘ਤੇ ਵਿਚਾਰਕ ਮਤਭੇਦ ਵੀ ਹਨ ਤਾਂ ਉਹਨਾਂ ਨੂੰ ਨਿਮਰਤਾ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਵੱਖਰੇ ਵਿਚਾਰਾਂ ਵਾਲੇ ਨੂੰ ‘ਮੂਰਖ’ ਜਾਂ ‘ਪੰਥ ਦੇ ਦੁਸ਼ਮਣ’ ਗਰਦਾਨ ਕੇ ਭਰਾ ਮਾਰੂ ਜੰਗ ਨੂੰ ਅਵਾਜ਼ਾਂ ਮਾਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਜਿਹੜੇ ਵੀਰ ਕਿਸੇ ਦੇ ਗਲ ਪੈਣ ਨੂੰ ਹੀ ‘ਸੇਵਾ’ ਸਮਝਦੇ ਹਨ, ਉਹ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਦੋਖੀਆਂ ਅਤੇ ਕਾਤਲਾਂ ਨਾਲ ਨਿੱਬੜਨ, ਓਧਰੋਂ ਵਿਹਲੇ ਹੋਣ ਪਿੱਛੋਂ ਹੀ ਆਪਣੇ ਭਰਾਵਾਂ ਬਾਰੇ ਕੁਝ ਸੋਚਣ।
ਸਬੰਧਤ ਖ਼ਬਰ: ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਦੀ ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਨਿੰਦਾ …
ਭਾਈ ਹਵਾਰਾ ਸਮੂਹ ਪੰਥ ਪ੍ਰਸਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੁਨੀਆ ਭਰ ਵਿਚ ਬੈਠੇ ਸਿੱਖ ਵਿਦਵਾਨਾਂ ਨੂੰ ਇਕ ਮੰਚ ‘ਤੇ ਇਕੱਤਰ ਕਰ ਕੇ ਕੌਮ ਦਾ ਇਕ ਥਿੰਕ ਟੈਂਕ ਬਣਾਇਆ ਜਾਵੇ। ਕੁਝ ਪੰਥ ਦਰਦੀ ਵੀਰਾਂ ਵਲੋਂ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਅਜਿਹਾ ਉੱਦਮ ਕਰਨ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਸਿੱਖਾਂ ਅੰਦਰ ਵਿਚਾਰਾਂ ਦੇ ਵਖਰੇਵਿਆਂ ਬਾਰੇ ਜੇਕਰ ਵਿਚਾਰ ਚਰਚਾ ਕਰਨੀ ਬਹੁਤ ਜ਼ਰੂਰੀ ਵੀ ਜਾਪੇ ਤਾਂ ਉਹ ਵਿਦਵਾਨਾਂ ਦੇ ਇਸ ਮੰਚ ਉੱਤੇ ਚਾਰਦੀਵਾਰੀ ਦੇ ਅੰਦਰ ਹੋਣੀ ਚਾਹੀਦੀ ਹੈ। ਉਹਨਾਂ ਮਸਲਿਆਂ ਦੀ ਸਟੇਜਾਂ ‘ਤੇ ਨੁਮਾਇਸ਼ ਨਾ ਲਾਈ ਜਾਵੇ ਤੇ ਨਾ ਹੀ ਸੜਕਾਂ ‘ਤੇ ਨਾਅਰੇਬਾਜ਼ੀ ਅਤੇ ਗਾਲ੍ਹਾਂ ਕੱਢ ਕੇ ਕੌਮ ਦੀ ਬਦਨਾਮੀ ਦੀ ਵਜ੍ਹਾ ਬਣਿਆ ਜਾਵੇ।
ਭਾਈ ਹਵਾਰਾ ਦਾ ਕਹਿਣਾ ਹੈ ਕਿ ਇਕ ਦੂਜੇ ਵਿਰੁੱਧ ਭੱਦੀ ਸ਼ਬਦਾਵਲੀ ਵਰਤ ਕੇ ਅਤੇ ਲੱਠਮਾਰਾਂ ਵਰਗਾ ਵਿਹਾਰ ਕਰ ਕੇ ਜਿੱਥੇ ਅਸੀਂ ਸਿੱਖ ਧਰਮ ਦੇ ਉੱਚੇ ਮਿਆਰਾਂ ਤੋਂ ਬਹੁਤ ਹੇਠਾਂ ਡਿਗ ਪੈਂਦੇ ਹਾਂ ਓਥੇ ਹੀ ਅਸੀਂ ਦੁਨੀਆਂ ਭਰ ਵਿਚ ਸਿੱਖ ਕੌਮ ਦੀ ਨਮੋਸ਼ੀ ਦਾ ਕਾਰਨ ਬਣਨ ਦੇ ਨਾਲ-ਨਾਲ ਦੁਸ਼ਮਣਾਂ ਦੇ ਹੱਥਾਂ ‘ਚ ਖੇਡ ਰਹੇ ਹਾਂ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Bhai Jagtar Singh Hawara Appeals to Avoid Internal Conflicts and Stop Clashes …