ਨਿਊਯਾਰਕ: ਈਸਟ ਕੋਸਟ ਅਮਰੀਕਾ ਦੀਆਂ 85 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਇੱਕਮੁੱਠਤਾ ਨਾਲ 3 ਸਾਲ ਪਹਿਲਾਂ ਹੋਂਦ ਵਿੱਚ ਆਈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਥਾਨਕ ‘ਵਰਲਡ ਫੇਅਰ ਮਰੀਨਾ’ ਵਿਖੇ ਹੋਏ ਨੁਮਾਇੰਦਾ ਇਕੱਠ ਵਿੱਚ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਸੰਗਤਾਂ ਸਾਹਮਣੇ ਰੱਖੀ ਗਈ।
ਜਿਸ ਵਿੱਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਸਲਾਨਾ ਸਿੱਖ ਡੇ ਪਰੇਡ ਦੀ ਸ਼ੁਰੂਆਤ, ਅਮਰੀਕੀ ਕਾਂਗਰਸ ਵੱਲੋਂ ‘ਨੈਸ਼ਨਲ ਸਿੱਖ ਡੇ’ ਨੂੰ ਮਤਾ ਪਾ ਮਾਨਤਾ ਦੇਣੀ, ਸਿੱਖ ਮਸਲਿਆਂ ਵਿੱਚ ਦਖਲਅੰਦਾਜ਼ੀ ਵਿਰੁੱਧ ਭਾਰਤੀ ਨੁਮਾਇੰਦਿਆਂ ਤੇ ਅਮਰੀਕੀ ਗੁਰੂ ਘਰਾਂ ਵਿੱਚ ਪਾਬੰਦੀ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਪੈਨਸਿਲਵੇਨੀਆ ਅਤੇ ਕਨੈਕਟੀਕਟ ਦੀਆਂ ਸਟੇਟ ਅਸੈਂਬਲੀਆਂ ਵੱਲੋਂ ਮਾਨਤਾ ਜਿਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਿੱਖ ਹੱਕਾਂ ਅਤੇ ਸਵੈਨਿਰਣੇ ਦੇ ਹੱਕ ਲਈ ਦ੍ਰਿੜ੍ਹਤਾ ਨਾਲ ਕੰਮ ਕਰਨ ਦਾ ਪ੍ਰਣ ਕੀਤਾ ਗਿਆ।
ਇਸ ਨੁਮਾਇੰਦਾ ਇਕੱਠ ਵਿੱਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਸਰਬੱਤ ਖਾਲਸਾ 2015 ਵੱਲੋਂ ਥਾਪੇ ਗਏ ਅਕਾਲ ਤਖਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ਅਤੇ ਅਗਵਾਈ ਹੇਠ ਸੰਘਰਸ਼ ਜਾਰੀ ਰੱਖਣ ਲਈ ਵਚਨਬੱਧਤਾ ਮੁੜ ਦਹੁਰਾਈ ਗਈ।
ਕੋਆਰਡੀਨੇਟਰ ਸ ਹਿੰਮਤ ਸਿੰਘ ਅਤੇ ਹਰਜਿੰਦਰ ਸਿੰਘ ਪਾਈਨ ਹਿੱਲ ਵੱਲੋਂ ਕੋਆਰਡੀਨੇਸ਼ਨ ਕਮੇਟੀ ਦੇ ਕੀਤੇ ਕੰਮਾਂ ਅਤੇ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਸਾਂਝੇ ਕੀਤੇ ਗਏ। ਹਿੰਮਤ ਸਿੰਘ ਨੇ ਕਿਹਾ ਕਿ ਅਸੀਂ ਜਥੇਦਾਰ ਹਵਾਰਾ ਦੀ ਅਗਵਾਈ ਹੇਠ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਾਂਗੇ। ਇਕੱਠ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਨੂੰ ਬੇਨਤੀ ਕੀਤੀ ਗਈ ਕਿ ਜਥੇਦਾਰ ਹਵਾਰਾ ਦੀ ਪੱਕੀ ਰਿਹਾਈ ਲਈ ਸਿਰਜੋੜ ਕੇ ਹਰ ਸੰਭਵ ਯਤਨ ਕੀਤਾ ਜਾਵੇ।
ਇਸ ਇਕੱਤਰਤਾ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਅਵਤਾਰ ਸਿੰਘ ਪੰਨੂੰ ਅਤੇ ਜਗਦੀਪ ਸਿੰਘ, ਅਕਾਲੀ ਦਲ (ਅ) ਵੱਲੋਂ ਸੁਰਜੀਤ ਸਿੰਘ ਕੁਲਾਰ ਅਤੇ ਜੋਗਾ ਸਿੰਘ, ਬਾਬਾ ਮੱਖਣ ਸ਼ਾਹ ਲੁਬਾਣਾ (ਨਿਊਯਾਰਕ) ਵੱਲੋਂ ਕੁਲਦੀਪ ਸਿੰਘ, ਸੰਤ ਸਾਗਰ ਗੁਰੂ ਘਰ (ਨਿਊਯਾਰਕ) ਵੱਲੋਂ ਬਾਬਾ ਸੱਜਣ ਸਿੰਘ, ਕਨੈਕਟੀਕਟ ਤੋਂ ਵੀਰ ਸਿੰਘ ਮਾਂਗਟ, ਮੈਸੇਚਿਊਸੈਟਸ ਤੋਂ ਗੁਰਨਿੰਦਰ ਸਿੰਘ ਧਾਲੀਵਾਲ, ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ (ਸਿੱਖ ਯੂਥ ਆਫ ਅਮਰੀਕਾ) ਅਤੇ ਪਰਮਜੀਤਸਿੰਘ, ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਸਿੱਖ ਕਲਚਰਲ ਸੁਸਾਇਟੀ (ਨਿਊਯਾਰਕ) ਤੋਂ ਬਲਾਕਾ ਸਿੰਘ, ਦੁਆਬਾ ਸਿੱਖ ਅਸੋਸੀਏਸ਼ਨ ਤੋਂ ਬਲਜਿੰਦਰ ਸਿੰਘ, ਕਿਰਪਾਲ ਸਿੰਘ ਬਿਲਿੰਗ, ਮਾਤਾ ਸਾਹਿਬ ਕੌਰ (ਲਾਂਗਆਇਲੈਂਡ) ਤੋਂ ਬੀਬੀ ਹਰਪਾਲ ਕੌਰ, ਕੌਂਸਲ ਆਫ ਖਾਲਿਸਤਾਨ ਤੋਂ ਡਾ.ਬਖਸ਼ੀਸ਼ ਸਿੰਘ ਸੰਧੂ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਅਸੋਸੀਏਸ਼ਨ ਤੋਂ ਟਹਿਲ ਸਿੰਘ ਅਤੇ ਰਜਿੰਦਰ ਸਿੰਘ, ਗੁਰੂ ਰਵੀਦਾਸ ਸਭਾ ਸਭਾ (ਨਿਊਯਾਰਕ) ਵੱਲੋਂ ਪਰਮਜੀਤ ਸਿੰਘ ਅਤੇ ਨਿਰਮਲ ਸਿੰਘ, ਫਿਲਾਡਲਫੀਆ ਤੋਂ ਕੇਵਲ ਸਿੰਘ, ਸਿੱਖ ਸੈਂਟਰ ਆਫ ਨਿੳਯਾਰਕ ਤੋਂ ਜਸਪਾਲ ਸਿੰਘ ਅਤੇ ਚਰਨਜੀਤ ਸਮਰਾ, ਪੰਥਕ ਸਿੱਖ ਸੋਸਾਇਟੀਆ ਦਿਨੇ ਆਈਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।