ਨਵੀਂ ਦਿੱਲੀ (25 ਜੁਲਾਈ, 2013): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਭਾਰਤੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਪ੍ਰੈਸ ਦੇ ਨਾਂ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਕਿ ਸਮੂਹ ਸੰਗਤਾਂ ਸ਼ਹੀਦ ਭਾਈ ਸਾਹਿਬ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾ ਕੇ ਕੇ ਪੰਥਕ ਏਕਤਾ ਦਾ ਸਬੂਤ ਦੇਣ।
ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਸਿੱਖ ਸਿਆਸਤ ਨਿਊਜ਼ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਭਾਈ ਹਵਾਰਾ ਅਤੇ ਭਾਈ ਭਿਓਰਾ ਨੇ ਸਿੱਖ ਸੰਗਤਾਂ ਸਮੇਤ ਤਖਤ ਸਾਹਿਬਾਨ ਦੇ ਮੁਖੀ ਜਥੇਦਾਰ ਸਾਹਿਬਾਨ, ਸਮੂਹ ਸਿੱਖ ਜੱਥੇਬੰਦੀਆਂ, ਨਿੰਹਗ ਜੱਥੇਬੰਦੀਆਂ, ਦਮਦਮੀ ਟਕਸਾਲ ਦੀ ਸਮੂਹ ਧਿਰਾਂ, ਸੰਤ ਸਮਾਜ ਅਤੇ ਸਿੱਖ ਸੰਪਰਦਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਲ ਹੋਣ ਤਾਂ ਜੋ ਸਮੁੱਚੀ ਕੌਮ ਵਿਚ ਸਿੱਖ ਸੰਘਰਸ਼ ਪ੍ਰਤੀ ਜਾਗਰੂਕਤਾ ਤੇ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਜਾ ਸਕੇ।
ਉਨ੍ਹਾਂ ਦੇਸ਼-ਵਿਦੇਸ਼ ਵਿਚ ਰਹਿੰਦੇ ਸਿੱਖ ਨੂੰ ਹਰ ਹੀਲੇ-ਵਸੀਲੇ ਰਾਹੀਂ ਭਾਈ ਦਿਲਾਵਰ ਸਿੰਘ ਦੀ ਯਾਦ ਸਮੁੱਚੇ ਸਿੱਖ ਜਗਤ ਨਾਲ ਸਾਂਝੀ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਹੈ ਕਿ “ਯਾਦ ਰੱਖਿਓ ਜਿਹੜੀਆਂ ਕੌਮਾ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹਨਾਂ ਦਾ ਭਵਿੱਖ ਕੋਈ ਬਹੁਤਾ ਰੌਸ਼ਨ ਨਹੀ ਹੁੰਦਾ” ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ (1992-95) ਦੌਰਾਨ ਪੰਜਾਬ ਵਿਚ ਵਸੀਹ ਪੱਧਰ ਉੱਤੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਗਿਆ ਸੀ। ਬੇਅੰਤ ਸਿੰਘ ਸਰਕਾਰ ਵੱਲੋਂ ਪੰਜਾਬ ਦੀ ਸਿੱਖ ਵਸੋਂ ਵਿਰੁਧ ਸਰਕਾਰੀ ਦਹਿਸ਼ਤ ਦਾ ਇਕ ਵੱਖਰਾ ਕਾਂਡ ਲਿਖਿਆ ਗਿਆ। ਬੇਅੰਤ ਸਿੰਘ ਨੂੰ 31 ਅਗਸਤ, 1995 ਨੂੰ ਇਕ ਬੰਬ ਧਮਾਕੇ ਵਿਚ ਮਾਰ ਦਿੱਤਾ ਗਿਆ ਸੀ, ਜਿਸ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮੌਤ ਦੀ ਸਜਾ ਸੁਣਾਈ ਗਈ ਸੀ। ਭਾਈ ਹਵਾਰਾ ਦੀ ਮੌਤ ਦੀ ਸਜਾ ਪੰਜਾਬ ਹਾਈ ਕੋਰਟ ਨੇ ਉਮਰ ਕੈਦ ਵਿਚ ਬਦਲ ਦਿੱਤੀ ਸੀ, ਜਿਸ ਵਿਰੁਧ ਸੀ. ਬੀ. ਆਈ ਨੇ ਭਾਰਤ ਦੀ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ ਕਿ ਭਾਈ ਹਵਾਰਾ ਦੀ ਸਜਾ ਨੂੰ ਮੁੜ ਮੌਤ ਦੀ ਸਜਾ ਵਿਚ ਤਬਦੀਲ ਕੀਤਾ ਜਾਵੇ। ਦੂਜੇ ਪਾਸੇ ਭਾਈ ਰਾਜੋਆਣਾ ਦੀ ਫਾਂਸੀ ਉੱਤੇ ਬਾਦਲ ਸਰਕਾਰ ਦੀ ਸਿਫਾਰਿਸ਼ ਨਾਲ ਭਾਰਤ ਸਰਕਾਰ ਵੱਲੋਂ ਵਕਤੀ ਰੋਕ ਲਗਾ ਦਿੱਤੀ ਗਈ ਸੀ।
ਬੇਅੰਤ ਸਿੰਘ ਕਤਲ ਕੇਸ ਵਿਚ ਮਨੁੱਖੀ ਬੰਬ ਬਣਕੇ ਅੱਤ ਦਾ ਅੰਤ ਕਰਨ ਵਾਲੇ ਭਾਈ ਦਿਲਾਵਰ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਲ 2012 ਵਿਚ ਕੌਮੀ ਸ਼ਹੀਦ ਐਲਾਨਿਆ ਗਿਆ ਹੈ।
Read this news in English