ਅੰਮ੍ਰਿਤਸਰ ਜੇਲ ਵਿੱਚ ਨਜਰਬੰਦ ਭਾਈ ਹਰਦੀਪ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ

ਸਿੱਖ ਖਬਰਾਂ

ਅੰਮ੍ਰਿਤਸਰ ਜੇਲ ਵਿੱਚ ਨਜਰਬੰਦ ਭਾਈ ਹਰਦੀਪ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ

By ਸਿੱਖ ਸਿਆਸਤ ਬਿਊਰੋ

December 25, 2015

ਅਗਲੇ ਦਿਨਾਂ ਵਿੱਚ ਹੋਰ ਰਿਹਾਈਆਂ ਦੀ ਵੀ ਉਮੀਦ

ਅੰਮ੍ਰਿਤਸਰ ਸਾਹਿਬ: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਉਸ ਸਮੇਂ ਇੱਕ ਹੋਰ ਪ੍ਰਾਪਤੀ ਹੋਈ ਜਦੋਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜੇਲ ਵਿੱਚ ਨਜਰਬੰਦ ਭਾਈ ਹਰਦੀਪ ਸਿੰਘ ਦੀ ਰਿਹਾਈ ਦਾ ਫੈਂਸਲਾ ਕੀਤਾ ਗਿਆ।ਭਾਈ ਹਰਦੀਪ ਸਿੰਘ 1993 ਤੋਂ ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਨਜਰਬੰਦ ਹੈ।

ਤਰਨਤਾਰਨ ਜ਼ਿਲ੍ਹੇ ਦੇ ਚੂਸਲੇਵਾੜ ਪਿੰਡ ਦੇ ਭਾਈ ਹਰਦੀਪ ਸਿੰਘ ਨੂੰ 1991 ਵਿੱਚ ਹੋਏ ਇੱਕ ਕਤਲ ਕੇਸ ਦੇ ਸੰਬੰਧ ਵਿੱਚ ਸਜਾ ਸੁਣਾਈ ਗਈ ਸੀ। 1993 ਵਿੱਚ ਭਾਈ ਹਰਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ 1997 ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਗਈ ਸੀ।

ਜਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਲਈ ਬਣਾਈ ਗਈ ਸੰਘਰਸ਼ ਕਮੇਟੀ ਵੱਲੋਂ ਜਿਨ੍ਹਾਂ ਸਿੱਖ ਬੰਦੀਆਂ ਦੀ ਸੂਚੀ ਸਰਕਾਰ ਨੂੰ ਰਿਹਾਈ ਲਈ ਸੌਂਪੀ ਗਈ ਸੀ, ਉਸ ਵਿੱਚ ਭਾਈ ਹਰਦੀਪ ਸਿੰਘ ਦਾ ਨਾਮ ਵੀ ਸ਼ਾਮਿਲ ਸੀ।

ਭਾਈ ਹਰਦੀਪ ਸਿੰਘ ਬੁੱਧਵਾਰ ਸ਼ਾਮ ਨੂੰ 14 ਦਿਨ ਦੀ ਪੈਰੋਲ ਤੇ ਜਾ ਰਹੇ ਸੀ ਜਦੋਂ ਉਨ੍ਹਾਂ ਨੂੰ ਜੇਲ ਅਧਿਕਾਰੀਆਂ ਨੇਂ ਉਨ੍ਹਾਂ ਦੀ ਪੱਕੀ ਰਿਹਾਈ ਦੇ ਜਾਰੀ ਹੋਏ ਹੁਕਮਾਂ ਬਾਰੇ ਸੂਚਨਾ ਦਿੱਤੀ।

ਭਾਈ ਹਰਦੀਪ ਸਿੰਘ ਦੀ ਪੱਕੀ ਰਿਹਾਈ ਦੇ ਹੁਕਮਾਂ ਦੀ ਪੁਸ਼ਟੀ ਕਰਦਿਆਂ ਜੇਲ ਸੁਪਰਡੈਂਟ ਆਰ.ਕੇ ਸ਼ਰਮਾ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਭਾਈ ਹਰਦੀਪ ਸਿੰਘ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਉਨ੍ਹਾਂ ਨੂੰ ਜਰੂਰੀ ਦਸਤਾਵੇਜ ਤਿਆਰ ਕਰਨ ਲਈ ਵੀ ਕਹਿ ਦਿੱਤਾ ਗਿਆ ਹੈ।

ਭਾਈ ਹਰਦੀਪ ਸਿੰਘ ਨੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਜਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀਆਂ ਨੂੰ ਛੱਡਣਾ ਚਾਹੀਦਾ ਹੈ। ਭਾਈ ਹਰਦੀਪ ਸਿੰਘ ਨੇ ਬਾਪੂ ਸੂਰਤ ਸਿੰਘ ਅਤੇ ਗੁਰਬਖਸ਼ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ਾਂ ਦੇ ਸਦਕਾ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ ਹੈ।

ਭਾਈ ਹਰਦੀਪ ਸਿੰਘ ਦੀ ਉਮਰ ਗ੍ਰਿਫਤਾਰੀ ਵੇਲੇ 27 ਸਾਲ ਸੀ ਅਤੇ 2001 ਵਿੱਚ ਪੈਰੋਲ ਤੇ ਜਾ ਕੇ ਉਨ੍ਹਾਂ ਵਿਆਹ ਕਰਵਾਇਆ।ਭਾਈ ਹਰਦੀਪ ਸਿੰਘ ਦੇ ਦੋ ਪੁੱਤਰ ਹਨ ।

ਇਸੇ ਤਰ੍ਹਾਂ ਹੋਰ ਵੀ ਕੁਝ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਵੱਲੋਂ ਬਾਪੂ ਸੂਰਤ ਸਿੰਘ ਸੰਘਰਸ਼ ਕਮੇਟੀ ਨਾਲ ਸਹਿਮਤੀ ਪ੍ਰਗਟਾਈ ਗਈ ਹੈ ।ਸੂਤਰਾਂ ਅਨੁਸਾਰ ਅਗਲੇ ਬੁੱਧਵਾਰ ਤੱਕ 7 ਬੰਦੀ ਸਿੰਘਾਂ ਦੀ ਰਿਹਾਈ ਹੋਣ ਦੀ ਉਮੀਦ ਹੈ।ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸੰਘਰਸ਼ ਕਮੇਟੀ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸੰਘਰਸ਼ ਕਮੇਟੀ ਵੱਲੋਂ 26 ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਕਿਹਾ ਗਿਆ ਹੈ ਤੇ ਸੂਤਰਾਂ ਅਨੁਸਾਰ ਸਰਕਾਰ ਵੱਲੋਂ ਇਸ ਲਈ ਸਹਿਮਤੀ ਪ੍ਰਗਟ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: