ਭਾਈ ਗੁਰਸਾਹਿਬ ਸਿੰਘ ਮੰਡਿਆਲਾ ਦਾ 27ਵਾਂ ਸ਼ਹੀਦੀ ਦਿਹਾੜਾ ਮੌਕੇ ਸੰਗਤ ਦੀ ਹਾਜ਼ਰੀ ਦੀ ਤਸਵੀਰ

ਸਿੱਖ ਖਬਰਾਂ

ਭਾਈ ਗੁਰਸਾਹਿਬ ਸਿੰਘ ਮੰਡਿਆਲਾ ਦਾ 27ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

By ਸਿੱਖ ਸਿਆਸਤ ਬਿਊਰੋ

January 23, 2018

ਅੰਮ੍ਰਿਤਸਰ: ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਅਰੰਭੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਭਾਈ ਗੁਰਜੀਤ ਸਿੰਘ ਝੋਕ ਹਰੀਹਰ ਦੀ ਅਗਵਾਈ ਵਿੱਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਖ਼ਾਲਸਾ ਕਾਲਜ ਯੂਨਿਟ ਦੇ ਪ੍ਰਧਾਨ ਰਹੇ ਭਾਈ ਗੁਰਸਾਹਿਬ ਸਿੰਘ ਮੰਡਿਆਲਾ ਭਾਈ ਇੰਦਰਪਾਲ ਸਿੰਘ ਖ਼ਾਲਸਾ ਦਾ 27ਵਾਂ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਗ੍ਰਹਿ ਵਿਖੇ ਪਿੰਡ ਮੰਡਿਆਲਾ, ਨੇੜੇ ਚੱਬਾ, ਜਿਲ੍ਹਾ ਸ੍ਰੀ ਅੰਮ੍ਰਿਤਸਰ ਵਿੱਚ ਮਨਾਇਆ ਗਿਆ।

ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਾਣਕਾਰੀ ਭੇਜਦਿਆਂ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰਬਾਣੀ ਕੀਰਤਨ, ਕਥਾ ਵਿਚਾਰਾਂ, ਢਾਡੀ ਤੇ ਕਵੀਸ਼ਰੀ ਵਾਰਾਂ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਸ਼ਹੀਦਾਂ ਦੀਆਂ ਘਾਲਣਾਵਾਂ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ ਤੇ ਅੰਮ੍ਰਿਤ ਸੰਚਾਰ ਵੀ ਹੋਇਆ। ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਭਾਈ ਸੂਬਾ ਸਿੰਘ ਰਾਮਰੌਣੀ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ ਤੇ ਕੌਮ ਦੀ ਅਜ਼ਾਦੀ ਤਕ ਸੰਘਰਸ਼ ਜਾਰੀ ਰਹੇਗਾ।

ਜਿਕਰਯੋਗ ਹੈ ਕਿ ਭਾਈ ਗੁਰਸਾਹਿਬ ਸਿੰਘ ਮੰਡਿਆਲਾ ਨੇ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ 22 ਜਨਵਰੀ 1991 ਨੂੰ ਸ਼ਹਾਦਤ ਪ੍ਰਾਪਤ ਕੀਤੀ ਸੀ।

ਇਸ ਮੌਕੇ ਖ਼ਾਲਸਾ ਸੇਵਾ ਟਰੱਸਟ ਦੇ ਭਾਈ ਧਰਮਿੰਦਰ ਸਿੰਘ, ਏਕ ਨੂਰ ਚੈਰੀਟੇਬਲ ਟਰੱਸਟ ਦੇ ਬੀਬੀ ਮਨਜੀਤ ਕੌਰ, ਦਮਦਮੀ ਟਕਸਾਲ ਅਜਨਾਲਾ ਦੇ ਭਾਈ ਸੁਖਦੇਵ ਸਿੰਘ ਨਾਗੋਕੇ ਤੇ ਸਮੂਹ ਟਕਸਾਲ ਦੇ ਵਿਿਦਆਰਥੀਆਂ ਦਾ ਜਥਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਹਰਪ੍ਰੀਤ ਸਿੰਘ ਬੰਟੀ, ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਗਗਨਦੀਪ ਸਿੰਘ ਖ਼ਾਲਿਸਤਾਨੀ, ਕਵੀਸ਼ਰ ਨਿਸ਼ਾਨ ਸਿੰਘ ਝਬਾਲ, ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਅਤੇ ਭਾਈ ਜਸਬੀਰ ਸਿੰਘ ਮੰਡਿਆਲਾ ਭਰਾਤਾ ਸ਼ਹੀਦ ਭਾਈ ਗੁਰਸਾਹਿਬ ਸਿੰਘ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: