ਭਾਈ ਖਾਲਸਾ ਨੂੰ ਰੋਕਣ ਲਈ ਪੰਜਾਬ ਪੁਲਿਸ ਸੰਭੂ ਬਾਡਰ ‘ਤੇ ਖੜੀ ਸੀ ਤਿਆਰ
ਅੰਬਾਲਾ( 8 ਜਨਵਰੀ, 2014): ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਵਾਸਤੇ ਅੰਬਾਲਾ ਦੇ ਗੁਰਦੁਆਰਾ ਲਖਨੌਰ ਸਾਹਿਬ ਵਿਖੇ 14 ਨਵੰਬਰ ਤੋਂ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਜਾਣਾ ਸੀ।ਪਰ ਜਿਉਂ ਹੀ ਅਰਦਾਸ ਕਰਨ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਸਮੇਤ ਜਦ ਸੰਗਤਾਂ ਨੇ ਸ਼੍ਰੀ ਅੰਮ੍ਰਿਤਸਰ ਨੂੰ ਚਾਲੇ ਪਾਏ ਤਾਂ ਇੱਕ ਕਿੱਲੋਮੀਟਰ ਬਾਅਦ ਪੁਲਿਸ ਨੇ ਕਾਫਲਾ ਰੋਕ ਲਿਆ ਅਤੇ ਭਾਈ ਖਾਲਸਾ ਨੂੰ ਅੱਗੇ ਨਾ ਜਾਣ ਲਈ ਪ੍ਰਸ਼ਾਸ਼ਨ ਮਨਾਉਣ ਲੱਗਿਆ।
ਹਜ਼ਾਰਾਂ ਦੀ ਗਿਣਤੀ ਵਿੱਚ ਸੀਆਰਪੀ ਅਤੇ ਹਰਿਆਣਾ ਪੁਲਿਸ ਨੇ ਭਾਈ ਖਾਲਸਾ ਨੂੰ ਸੰਗਤ ਸਮੇਤ ਘੇਰਾ ਪਾ ਲਿਆ ਅਤੇ ਸੰਗਤ ਉੱਥੇ ਹੀ ਬੈਠ ਕੇ ਸਿਮਰਨ ਕਰਨ ਲੱਗੀ। ਜਿੱਥੇ ਇੱਕ ਪਾਸੇ ਹਰਿਆਣਾ ਪੁਲਿਸ ਭਾਈ ਨੇ ਖਾਲਸਾ ਨੂੰ ਅੱਗੇ ਵਧਣ ਤੋਂ ਰੋਕਿਆ ਹੋਇਆ ਸੀ ਤਾਂ ਦੂਜੇ ਪਾਸੇ ਹਰਿਅਣਾ-ਪੰਜਾਬ ਛੰਭੂ ਬਾਡਰ ‘ਤੇ ਪੰਜਾਬ ਪੁਲਿਸ ਵੀ ਭਾਈ ਖਾਲਸਾ ਨੂੰ ਰੋਕਣ ਲਈ ਤਿਆਰ ਬਰ ਤਿਆਰ ਖੜੀ ਸੀ।
ਹਰਿਆਣਾ ਪੁਲਿਸ ਅਤੇ ਸੀਆਰਪੀ ਨੇ ਵੱਡੀ ਗਿਣਤੀ ਵਿੱਚ ਮਾਰਚ ਨੂੰ ਘੇਰਿਆ ਹੋਇਆ ਸੀ।ਸਿੱਖ ਸੰਗਤਾਂ ਵੀ ਪੂਰੇ ਜੋਸ਼ ਅਤੇ ਜਾਹੋ-ਜਲਾਲ ਨਾਲ ਅੱਗੇ ਵਧਣਾ ਚਾਹੁੰਦੀਆਂ ਸਨ। ਪ੍ਰਸ਼ਾਸ਼ਨ ਨੇ ਭਾਈ ਗੁਰਬਖਸ਼ ਸਿੰਘ ਨੂੰ ਮਨਾਉਣ ਦੀ ਪੂਰੀ ਵਾਹ ਲਾਈ।
ਆਖਰ ਕਿਸੇ ਵੱਡੇ ਟਕਰਾਅ ਤੋਂ ਬਚਣ ਲਈ ਅਤੇ ਬੰਦੀ ਸਿੰਘ ਰਿਹਾਈ ਮੋਰਚੇ ਨੂੰ ਸ਼ਾਤਮਈ ਤਰੀਕੇ ਨਾਲ ਸਿਰੇ ਲਾਉਣ ਲਈ ਭਾਈ ਖਾਲਸਾ ਵਾਪਿਸ ਗੁਰਦੁਆਰਾ ਲਖਨੌਰ ਸਾਹਿਬ ਆ ਗਏ ਹਨ ਅਤੇ ਮੋਰਚਾ ਪਹਿਲਾਂ ਦੀ ਤਰਾਂ ਸ਼ਾਂਤਮਈ ਜ਼ਾਰੀ ਹੈ।