ਗਿਆਨੀ ਗੁਰਬਚਨ ਸਿੰਘ (ਪੁਰਾਣੀ ਫੋਟੋ)

ਸਿੱਖ ਖਬਰਾਂ

ਬੰਦੀ ਸਿੰਘ ਰਿਹਾਈ ਮੋਰਚਾ: ਭੱਖ ਹੜਤਾਲ ਕਰਮਕਾਂਡ ਦਾ ਹਿੱਸਾ, ਗੁਰਬਖਸ਼ ਸਿੰਘ ਵੱਲੋਂ ਭੁੱਖ ਹੜਤਾਲ ਕਰਨਾ ਸਹੀ ਨਹੀਂ: ਗਿ. ਗੁਰਬਚਨ ਸਿੰਘ

By ਸਿੱਖ ਸਿਆਸਤ ਬਿਊਰੋ

November 25, 2014

ਅੰਮ੍ਰਿਤਸਰ, 24 ਨਵੰਬਰ, 2014): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ  ਗਿਆਨੀ ਗੁਰਬਚਨ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਜਿਮੇਵਾਰੀ ਨੂੰ ਨਿਭਾਉਣਾ ਤਾਂ ਕੀ ਸੀ , ਉਨ੍ਹਾਂ ਤਾਂ ਉਲਟਾ ਭਾਈ ਗਰੁਬਖਸ ਸਿੰਘ ਨੂੰ ਹੀ ਕੋਸਣਾਂ ਸ਼ੁਰੂ ਕਰ ਦਿੱਤ ਹੈ।ਜਿੱਥੇ ਉਨ੍ਹਾਂ ਆਪਣੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਯਤਨਾਂ ਕਰਕੇ ਆਪਣੇ ਮੁੰਹੋ ਮੀਆਂ ਮਿੱਠੂ ਬਣੇ ਉੱਥੇ ਉਨਾਂ ਕਿਹਾ ਕਿ ਸਰਕਾਰਾਂ ਤੇ ਦਬਾਅ ਬਣਾਉਣ ਦੇ ਹੋਰ ਵੀ ਕਈ ਢੰਗ ਹਨ ਤੇ ਭੁੱਖ ਹੜਤਾਲ ਕਰਨੀ ਤਾਂ ਸਿੱਖ ਪੰਥ ‘ਚ ਵੈਸੇ ਵੀ ਮਨਾਹੀ ਹੈ। ਭੁੱਖ ਹੜਤਾਲ ਵੀ ਉਨ੍ਹਾਂ ਕਰਮ ਕਾਂਡਾਂ ਦਾ ਇੱਕ ਹਿੱਸਾ ਹੈ, ਜਿਨ੍ਹਾਂ ਦਾ ਗੁਰਬਾਣੀ ‘ਚ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ, ਇਸ ਲਈ ਗੁਰਬਖਸ਼ ਸਿੰਘ ਵੱਲੋਂ ਭੁੱਖ ਹੜਤਾਲ ਕਰਨਾ ਸਹੀ ਨਹੀਂ ਮੰਨਿਆ ਜਾ ਸਕਦਾ।

ਸਿੱਖ ਬੰਦੀਆਂ ਦੀ ਰਿਹਾਈ ਲਈ ਮੁੜ ਭੁੱਖ ਹੜਤਾਲ ਕਰਨ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਅਕਾਲ ਤਖਤ ਤੋਂ ਅਦਾਲਤਾਂ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਦ੍ਰਿੜ੍ਹਤਾ ਨਾਲ ਮੰਗ ਹਮੇਸ਼ਾ ਕੀਤੀ ਜਾਂਦੀ ਹੈ। ਉਨ੍ਹਾਂ ਗੁਰਬਖਸ਼ ਸਿੰਘ ਨਾਲ ਹਮੇਸ਼ਾ ਸਹਿਮਤੀ ਪ੍ਰਗਟਾਈ ਹੈ, ਪਰ ਜਿਨ੍ਹਾਂ ਦੇ ਮੋਢਿਆਂ ‘ਤੇ ਚੜ੍ਹ ਕੇ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਆਰੰਭੀ ਹੈ, ਉਨ੍ਹਾਂ ਨੂੰ ਕਦੇ ਪੰਥ ਹਿਤੈਸ਼ੀ ਨਹੀਂ ਕਿਹਾ ਜਾ ਸਕਦਾ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਬਖਸ਼ ਸਿੰਘ ਦਾ ਕਾਰਜ ਸ਼ਲਾਘਾ ਯੋਗ ਹੈ ਤੇ ਸਿੱਖ ਬੰਦੀਆਂ ਦੀ ਰਿਹਾਈ ਲਈ ਅਕਾਲ ਤਖਤ ਵੀ ਸਮੇਂ ਸਮੇਂ ‘ਤੇ ਆਵਾਜ਼ ਬੁਲੰਦ ਕਰਦਾ ਰਿਹਾ ਹੈ।

ਗੁਰਬਖਸ਼ ਸਿੰਘ ਨੇ ਜਦੋਂ ਪਹਿਲਾਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ ਕੀਤੀ ਸੀ ਤਾਂ ਅਕਾਲ ਤਖਤ ਸਾਹਿਬ ਨੇ ਹਰ ਸੰਭਵ ਮਦਦ ਕੀਤੀ ਸੀ। ਗੁਰਬਖਸ਼ ਸਿੰਘ ਨੇ ਜਿਹੜੀ ਸੂਚੀ ਬੰਦੀ ਸਿੰਘਾਂ ਦੀ ਦਿੱਤੀ ਸੀ, ਉਹ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਸੀ ਤੇ ਨਾਲ ਹਦਾਇਤ ਕੀਤੀ ਸੀ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਇਸ ਸੂਚੀ ਵਿੱਚ ਸ਼ਾਮਲ ਸਿੰਘਾਂ ਦੀ ਰਿਹਾਈ ਕਰਵਾਈ ਜਾਵੇ।

ਉਹ ਖੁਦ ਵੀ ਚਿੰਤਤ ਹਨ ਕਿ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ? ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿੱਜੀ ਤੌਰ ‘ਤੇ ਮਿਲ ਕੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਹਾ ਹੈ। ਗਰਬਖਸ਼ ਸਿੰਘ ਦੀ ਮੰਗ ਜਾਇਜ਼ ਹੈ, ਜਿਸ ਦਾ ਮਸਲਾ ਭੁੱਖ ਹੜਤਾਲ ਕਰ ਕੇ ਨਹੀਂ, ਕਾਨੂੰਨੀ ਪ੍ਰਕਿਰਿਆ ਅਪਣਾ ਕੇ ਹੋ ਸਕਦਾ ਹੈ। ਨਿਆਂ ਪਾਲਿਕਾ ਤੋਂ ਰਿਹਾਈ ਹੋ ਸਕਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: