ਪਟਿਆਲਾ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ, ਜਿਨ੍ਹਾਂ ’ਤੇ ਮੰਗਲਵਾਰ ਦੀ ਰਾਤ 8 ਵਜੇ ਲੁਧਿਆਣਾ ਨੇੜੇ ਹਮਲਾ ਹੋਇਆ ਸੀ, ਪਟਿਆਲਾ-ਭਵਾਨੀਗੜ੍ਹ ਰੋਡ ਸਥਿਤ, ਪਿੰਡ ਸ਼ੇਖੂਪੁਰਾ ਆਪਣੇ ਮੁੱਖ ਸਥਾਨ “ਗੁਰਦੁਆਰਾ ਪ੍ਰਮੇਸ਼ਵਰ ਦਵਾਰ” ਪਹੁੰਚ ਗਏ। ਪੁਲਿਸ ਨੇ ਪਰਮੇਸ਼ਵਰ ਦਵਾਰ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਹਨ।
ਵੀਡੀਓ ਸੰਦੇਸ਼ ਰਾਹੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦੱਸਿਆ ਕਿ ਉਹ ਗੁਰਮਤ ਪ੍ਰਚਾਰ ਲਈ ਪਿੰਡ ਈਸੇਵਾਲ ਜਾ ਰਹੇ ਸਨ ਤਾਂ ਰਾਹ ਵਿਚ ਕੁਝ ਨੌਜਵਾਨਾਂ ਨੇ ਛਬੀਲ ਲਾਈ ਹੋਈ ਸੀ।
ਭਾਈ ਢੱਡਰੀਆਂਵਾਲੇ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਕਾਫਲਾ ਛਬੀਲ ਨੇੜੇ ਪਹੁੰਚਿਆ ਤਾਂ ਛਬੀਲ ਦੀ ਸੇਵਾ ਕਰ ਰਹੇ ਨੌਜਵਾਨ ਨੇ ਉਨ੍ਹਾਂ ਬਾਰੇ ਪੁੱਛਿਆ। ਪੁੱਛਣ ਤੋਂ ਬਾਅਦ ਉਸਨੇ ਨੇੜੇ ਲੱਗੇ ਕੈਂਪ ’ਚ ਲੁਕੇ ਹੋਏ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ।
ਉਨ੍ਹਾਂ ਦੱਸਿਆ, “ਉਨ੍ਹਾਂ ਸਾਡੇ ’ਤੇ ਡੰਡਿਆਂ, ਰਾਡਾਂ ਨਾਲ ਹਮਲਾ ਕਰ ਦਿੱਤਾ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ”।
ਉਨ੍ਹਾਂ ਕਿਹਾ ਕਿ ਭਾਈ ਭੁਪਿੰਦਰ ਸਿੰਘ ਢੱਕੀਵਾਲੇ, ਜਿਹੜੇ ਕਿ ਕਾਰ ਦੀ ਮੂਹਰਲੀ ਸੀਟ ’ਤੇ ਬੈਠੇ ਸਨ, ਦੇ ਗੋਲੀ ਵੱਜੀ, ਜਿੱਥੇ ਅਕਸਰ ਹੀ ਉਹ ਖੁਦ ਬੈਠਿਆ ਕਰਦੇ ਹਨ। ਫਿਰ ਜਦੋਂ ਡਰਾਇਵਰ ਨੇ ਗੱਡੀ ਭਜਾ ਲਈ ਤਾਂ ਹਮਲਾਵਰਾਂ ਨੇ ਟਾਇਰ ਪੰਚਰ ਕਰ ਦਿੱ ਤਾ ਪਰ ਡਰਾਇਵਰ ਨੇ ਗੱਡੀ ਨਹੀਂ ਰੋਕੀ।
ਭਾਈ ਢੱਡਰੀਆਂ ਵਾਲੇ ਨੇ ਦੱਸਿਆ ਕਿ ਹਮਲਾਵਰਾਂ ਨੇ 4 ਕਿਲੋਮੀਟਰ ਤਕ ਸਾਡਾ ਪਿੱਛਾ ਕੀਤਾ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦਾ ਅਸਲ ਨਿਸ਼ਾਰਾ ਉਹ ਖੁਦ ਸਨ, ਪਰ ਗੱਡੀ ਦੀ ਅਗਲੀ ਸੀਟ ’ਤੇ ਬੈਠੇ ਹੋਣ ਕਰਕੇ ਭਾਈ ਭੁਪਿੰਦਰ ਸਿੰਘ ਮਾਰੇ ਗਏ।
ਉਨ੍ਹਾਂ ਅਪੀਲ ਕੀਤੀ ਕਿ ਸੰਗਤ ਸ਼ਾਂਤੀ ਬਣਾਈ ਰੱਖੇ ਅਤੇ ਕਿਸੇ ’ਤੇ ਇਲਜ਼ਾਮ ਨਾ ਲਾਵੇ ਅਤੇ ਕਿਸੇ ਦਾ ਨਾਂ ਨਾ ਲਵੇ ਜਦ ਤਕ ਪੁਲਿਸ ਦੋਸ਼ੀਆਂ ਦੀ ਪਛਾਣ ਨਹੀਂ ਕਰ ਲੈਂਦੀ।
ਉਨ੍ਹਾਂ ਕਿਹਾ, “ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਦੀ ਪਛਾਣ ਛੇਤੀ ਹੀ ਕਰ ਲਈ ਜਾਵੇਗੀ, ਇਸ ਲਈ ਹਮਲੇ ਲਈ ਕਿਸੇ ਦਾ ਨਾਂ ਨਾ ਲਿਆ ਲਵੋ, ਜਦ ਤਕ ਪੁਲਿਸ ਦੋਸ਼ੀਆਂ ਦੀ ਪਛਾਣ ਨਹੀਂ ਕਰਦੀ”।
ਉਨ੍ਹਾਂ ਕਿਹਾ ਕਿ ਉਹ ਭਾਈ ਭੁਪਿੰਦਰ ਸਿੰਘ ਦੇ ਪਰਿਵਾਰ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਦਾ ਅੰਤਮ ਸੰਸਕਾਰ ਗੁਰਦੁਆਰਾ ਪਰਮੇਸ਼ਵਰ ਦਵਾਰ ਵਿਖੇ ਕੀਤਾ ਜਾਵੇਗਾ।
ਸਬੰਧਤ ਵੀਡੀਓ: