ਲੁਧਿਆਣਾ (ਨਵੰਬਰ 01, 2013): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਸਮਾਜਕ ਸੰਪਰਕ ਮੰਚ ਫੇਸਬੁੱਕ ਉੱਤੇ ਨਸ਼ਰ ਕੀਤੀ ਗਈ ਜਾਣਕਾਰੀ ਅਨੁਸਾਰ ਭਾਈ ਦਲਜੀਤ ਸਿੰਘ 20 ਸਤੰਬਰ 2012 ਨੂੰ 107/151 ਦੇ ਮਾਮੂਲੀ ਕੇਸ ਵਿਚ ਗ੍ਰਿਫਤਾਰ ਕਰਕੇ 21 ਸਤੰਬਰ 2012 ਨੂੰ ਦੇਸ਼ ਦੇ ਸਾਰੇ ਵੱਡੇ ਐਕਟਾਂ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਗ੍ਰਿਫਤਾਰੀ ਪਾ ਕੇ ਲੁਧਿਆਣਾ ਪੁਲਿਸ ਵਲੋਂ ਨਜ਼ਰਬੰਦ ਕੀਤਾ ਗਿਆ ਸੀ ਅਤੇ ਇਕ ਮਹੀਨੇ ਬਾਅਦ ਜਲੰਧਰ ਪੁਲਿਸ ਵਲੋਂ ਵੀ ਅਜਿਹਾ ਹੀ ਇਕ ਕੇਸ ਪਾ ਦਿੱਤਾ ਗਿਆ ਅਤੇ ਇਹਨਾਂ ਕੇਸਾਂ ਦੀ ਆਖਰੀ ਜਮਾਨਤ 28 ਅਕਤੂਬਰ 2013 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੀ ਗਈ ਜਿਸ ਉਪਰੰਤ ਅੱਜ ਸਾਰੇ ਕੇਸਾਂ ਦੀਆਂ ਜਮਾਨਤਾਂ ਸਬੰਧਤ ਕੋਰਟਾਂ ਵਿਚ ਭਰਨ ਉਪਰੰਤ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਸ਼ਾਮ ਕਰੀਬ 6 ਵਜੇ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਹੋ ਗਈ।
ਜਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਹੁਣ ਤੱਕ ਵੱਖ-ਵੱਖ 33 ਕੇਸਾਂ ਵਿਚ ਸਮੇਂ-ਸਮੇਂ ‘ਤੇ ਜੇਲ੍ਹ ਦੀ ਨਜ਼ਰਬੰਦੀ ਕੱਟੀ ਹੈ ਜਿਹਨਾਂ ਵਿਚੋਂ ਉਹਨਾਂ ਦੇ 27 ਕੇਸ ਬਰੀ ਹੋ ਚੁੱਕੇ ਹਨ ਅਤੇ ਪੰਜ ਕੇਸ ਲੁਧਿਆਣਾ, ਜਲੰਧਰ, ਮਾਨਸਾ ਤੇ ਸਰਦੂਲਗੜ ਦੀਆਂ ਅਦਾਲਤਾਂ ਵਿਚ ਵਿਚਾਰਧੀਨ ਹਨ ਅਤੇ 1 ਕੇਸ ਜੋ ਕਿ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੀ ਡਕੈਤੀ ਦਾ ਕੇਸ ਸੀ ਵਿਚੋਂ 13 ਸਾਲ ਦੇ ਕਰੀਬ ਸਜ਼ਾ ਕੱਟਣ ਪਿੱਛੋਂ 10 ਸਾਲ ਦੀ ਸਜ਼ਾ ਹੋਈ ਸੀ ਅਤੇ ਉਸਦੀ ਅਪੀਲ ਵੀ ਭਾਰਤੀ ਸੁਪਰੀਮ ਕੋਰਟ ਵਿਚ ਵਿਚਾਰਧੀਨ ਹੈ।
ਭਾਈ ਦਲਜੀਤ ਸਿੰਘ ਬਿੱਟੂ ਨੇ ਹੇਠ ਲ਼ਿਖੇ ਅਨੁਸਾਰ ਜੇਲ੍ਹ ਦੀ ਕਾਲ-ਕੋਠੜੀ ਵਿਚ ਗੁਜ਼ਾਰੇ:
10-04-1996 ਤੋਂ 06-10-2005
28-10-2005 ਤੋਂ 14-11-2005
20-04-2006 ਤੋਂ 6-05-2006
22-07-2007 ਤੋਂ 21-08-2007
07-02-2008 ਤੋਂ 12-02-2008
19-12-2008 ਤੋਂ 26-12-2008
27-08-2009 ਤੋਂ 28-02-2012
28-03-2012 ਤੋਂ 15-04-2012
20-09-2012 ਤੋਂ 01-11-2013
ਅੱਜ ਰਿਹਾਅ ਹੋਣ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਕਾਲਾਝਾੜ, ਭਾਈ ਗੁਰਮੀਤ ਸਿੰਘ ਗੋਗਾ, ਭਾਈ ਰਵਿੰਦਰਪਾਲ ਸਿੰਘ ਈਸੜੂ, ਭਾਈ ਬਲਜਿੰਦਰ ਸਿੰਘ ਸਰਪੰਚ, ਭਾਈ ਪਲਵਿੰਦਰ ਸਿੰਘ ਸ਼ੁਤਰਾਣਾ ਤੇ ਅੇਡਵੋਕੇਟ ਜਸਪਾਲ ਸਿੰਘ ਮੰਝਪੁਰ ਵੀ ਹਾਜ਼ਰ ਸਨ।