Site icon Sikh Siyasat News

ਬਾਦਲ ਦਲੀਆਂ ਦੇ ਗੁਨਾਹਾਂ ਦੀ ਤਨਖਾਹ ਵਾਲਾ ਫੈਸਲਾ ਪੰਥਕ ਕਸੌਟੀ ਉੱਤੇ ਖਰਾ ਨਹੀਂ ਉੱਤਰਦਾ: ਭਾਈ ਦਲਜੀਤ ਸਿੰਘ

ਭਾਈ ਦਲਜੀਤ ਸਿੰਘ ਦਾ ਬਿਆਨ
https://heritageproductions.in/ssnextra/podcast/bhai_daljit_singh_on_aka_takht_tankhah_to_badals.mp3?_=1

ਅੰਮ੍ਰਿਤਸਰ: ੦੨ ਦਸੰਬਰ ੨੦੨੪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਤਨਖਾਹ ਲਗਾਏ ਜਾਣ ਦੀ ਸਮੁੱਚੀ ਕਾਰਵਾਈ ਬਾਰੇ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਨੇ ਅੱਜ ਇਕ ਲਿਖਤੀ ਬਿਆਨ ਜਾਰੀ ਕੀਤਾ ਹੈ। ਇਹ ਬਿਆਨ ਅਦਾਰਾ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ ਬਿੰਨ ਛਾਪਿਆ ਜਾ ਰਿਹਾ ਹੈ:-

 

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਮਿਤੀ ੧੭ ਮੱਘਰ ਨਾਨਕਸ਼ਾਹੀ ਸੰਮਤ ੫੫੬ ਮੁਤਾਬਕ ੦੨ ਦਸੰਬਰ ੨੦੨੪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਬਾਦਲ ਦਲ ਦੇ ਦੋ ਧੜਿਆਂ ਦੇ ਆਗੂਆਂ ਨੂੰ ਤਨਖਾਹ ਲਾਉਣ ਦੀ ਕੀਤੀ ਕਾਰਵਾਈ ਪੰਥਕ ਕਸੌਟੀ ਉੱਤੇ ਖਰੀ ਨਹੀਂ ਉਤਰੀ ਸਗੋਂ ਅਦਾਕਾਰਾਂ ਵਲੋਂ ਨਿਭਾਏ ਜਾ ਰਹੇ ਦ੍ਰਿਸ਼ ਨਿਆਈ ਪ੍ਰਤੀਤ ਹੋਈ ਹੈ। ਸੋ ਇਹ ਕਾਰਵਾਈ ਕਿਸੇ ਵੀ ਤਰ੍ਹਾਂ ਸਰਬਤ ਖਾਲਸਾ ਪੰਥ ਨੂੰ ਸੇਧਤ ਤੇ ਸੂਤਰਬਧ ਕਰਨ ਵਾਲੀ ਨਹੀਂ ਹੈ।

ਬਾਦਲ ਦਲ ਦੇ ਹੇਠ ਲਿਖੇ ਗੁਨਾਹ ਜਥੇਦਾਰਾਂ ਨੇ ਨਿਤਾਰੇ ਹਨ ਜੋ ਕਿ ਬਾਦਲ ਦਲੀਆਂ ਨੇ ਸਿਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੰਨੇ ਹਨ:

੧. ਬਾਦਲ ਦਲ ਦੇ ਆਗੂਆਂ ਵੱਲੋਂ ਸਮੁੱਚੇ ਰੂਪ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਉੱਤੇ ਸੂਖਮ ਅਤੇ ਸਥੂਲ ਹਮਲੇ (ਗੁਰੂ ਪਾਤਿਸ਼ਾਹ ਦੇ ਸਵਾਂਗ ਤੇ ਸ਼ਬਦ ਗੁਰੂ ਵਿਰੋਧੀ ਅਮਲ ਤੋਂ ਲੈ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਘੋਰ ਬੇਅਦਬੀ ਤੱਕ) ਕਰਨ ਵਾਲੇ ਗੁਰੂ ਦੋਖੀ ਸਿਰਸੇ ਵਾਲੇ ਪਾਖੰਡੀ ਅਤੇ ਜਾਲਮ ਪੁਲਿਸ ਅਫਸਰਾਂ ਨਾਲ ਸਹਿਯੋਗ ਕਰਨਾ ਅਤੇ ਉਹਨਾ ਦੀ ਪੁਸ਼ਤਪਨਾਹੀ ਕਰਨੀ।

੨. ਸੌਦਾ ਸਾਧ ਮੁਆਫੀ ਕਾਂਡ ਵਿਚ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਨੂੰ ਢਾਹ ਲਾਉਣੀ।

੩. ਸੌਦਾ ਸਾਧ ਮੁਆਫੀ ਕਾਂਡ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਰਾਜਸੀ ਹਿੱਤ ਲਈ ਵਰਤ ਕੇ ਉਸਦੀ ਧਾਰਮਿਕ ਸ਼ਾਖ ਨੂੰ ਖੋਰਾ ਲਾਉਣਾ।

੪. ਪੰਥਕ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਨੂੰ ਇੱਕ ਪੰਜਾਬੀ ਪਾਰਟੀ ਬਣਾਉਣਾ।

ਤਨਖਾਹ ਲਗਾਉਣ ਦੇ ਇਸ ਸਾਰੇ ਅਮਲ ਵਿੱਚ ਜੋ ਊਣਤਾਈਆਂ ਰਹੀਆਂ ਹਨ:-

ਗੁਰ ਸੰਗਤਿ ਵੱਲੋਂ ਬਾਦਲ ਦਲ ਨੂੰ ਪਿਛਲੀਆਂ  ਚਾਰ ਚੋਣਾਂ ਦੌਰਾਨ ਲੱਕ ਤੋੜਵੀ ਹਾਰ ਦੇ ਰੂਪ ਵਿੱਚ ਪਹਿਲਾਂ ਹੀ ਰਾਜਸੀ ਸਜ਼ਾ ਦਿੱਤੀ ਜਾ ਚੁੱਕੀ ਸੀ। ਪਰ ਜਥੇਦਾਰ ਰਾਜਸੀ ਗੁਨਾਹਾਂ ਦੀ ਵਿਆਪਕ ਪੜਚੋਲ ਕਰਵਾਉਣ ਵਿਚ ਨਾਕਾਮ ਰਹੇ ਹਨ। ਇਸ ਨੁਕਤੇ ਦੀ ਪੜਚੋਲ ਕਰਵਾਈ ਜਾਣੀ ਜਰੁਰੀ ਸੀ ਕਿ ਕੀ ਇਹ ਗੁਨਾਹ ਵਿਆਕਤੀਗਤ ਗਲਤੀ ਜਾਂ ਨੀਤੀਗਤ ਕੁਰਾਹਾ ਸਨ ਜਾਂ ਫਿਰ ਇਹ ਢਾਂਚਾਗਤ ਊਣਤਾਈ ਵਿਚੋਂ ਉਪਜੇ ਹਨ? ਰੋਗ ਦੀ ਜੜ੍ਹ ਲੱਭੇ ਤੋਂ ਬਿਨਾਂ ਉਸਦਾ ਇਲਾਜ ਕਰ ਸਕਣਾ ਔਖਾ ਹੁੰਦਾ ਹੈ। ਵਿਆਪਕ ਪੜਚੋਲ ਦੀ ਅਣਹੋਂਦ ਕਾਰਨ ਬੀਤੇ ਦੀ ਜਵਾਬਦੇਹੀ ਸਤਹੀ ਪਧਰ ਦੀ ਹੀ ਤਹਿ ਹੋ ਸਕੀ ਇਸ ਲਈ ਭਵਿਖ ਦਾ ਜੋ ਰਾਹ ਦਰਸਾਇਆ ਗਿਆ ਹੈ ਉਹ ਪੁਖਤਾ ਨਹੀਂ ਹੈ।

ਇਸ ਸਾਰੀ ਕਾਰਵਾਈ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਜਿਵੇਂ ਸਰਬਤ ਖਾਲਸਾ ਪੰਥ ਨੂੰ ਸੇਧਤ ਤੇ ਸੂਤਰਬਧ ਕਰਨ ਦੀ ਸ਼ੁਰੂਆਤ ਕੀਤੀ ਗਈ ਹੋਵੇ। ਪਰ ਅਸਲ ਵਿਚ ਇਹ ਦੋ ਧੜਿਆਂ ਦੀ ਏਕਤਾ ਤੇ ਮੁੜ ਸਥਾਪਤੀ ਅਤੇ ਇਕ ਪੰਜਾਬੀ ਪਾਰਟੀ ਨੂੰ ਬੀਜੇਪੀ ਦੇ ਹੋਰ ਅਨੁਸਾਰੀ ਕਰਨ ਦੀ ਕਵਾਇਦ ਦੀ ਸ਼ੁਰੂਆਤ ਹੀ ਲਗਦੀ ਹੈ।

੧੯੪੭ ਤੋਂ ਬਾਅਦ ਇੰਡੀਅਨ ਵੋਟ ਤੰਤਰ ਦੀ ਰਾਜਨੀਤੀ ਵਿਚ ਅਕਾਲੀ ਦਲ ਦੇ ਦੋ ਸਰੂਪ ਮੁਖ ਰੂਪ ਵਿਚ ਪਰਚਲਤ ਰਹੇ ਹਨ। ਪਹਿਲਾ, ਗੁਰੂ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਪਹਿਚਾਣ ਅਧਾਰਤ ਪੰਥਕ ਮੁਦਿਆਂ ਦੀ ਰਾਜਨੀਤੀ ਵਾਲਾ ਅਤੇ ਦੂਜਾ ੧੯੯੫ ਮੋਗਾ ਕਾਨਫਰੰਸ ਤੋਂ ਬਾਅਦ ਵਾਲੀ ਪੰਜਾਬੀ ਪਾਰਟੀ।

ਸੋ ਹੁਣ ਜੋ ਨਵੀਂ ਭਰਤੀ ਦਾ ਆਦੇਸ਼ ਹੋਇਆ ਹੈ ਇਹ ਅਕਾਲੀ ਦਲ ਦੇ ਕਿਸ ਸਰੂਪ ਨੂੰ ਪੁਨਰ ਸੁਰਜੀਤ ਕਰਨ ਦੀ ਕਵਾਇਦ ਹੈ? ਇਸ ਸੰਬੰਧੀ ਕੋਈ ਸਪਸ਼ਟਤਾ ਨਹੀਂ ਕੀਤੀ ਗਈ।

ਬਾਦਲ ਦਲ ਦੀ ਸਮੁੱਚੀ ਆਗੂ ਜਮਾਤ ਨੇ, ਸਮੇਤ ਸੁਖਬੀਰ ਸਿੰਘ ਬਾਦਲ ਦੇ, ਆਪਣੇ ਜੋ ‘ਗੁਨਾਹ’ ਕਬੂਲ ਕੀਤੇ ਹਨ ਉਹ ਗੁਰੂ ਗਰੰਥ ਤੇ ਗੁਰੂ ਪੰਥ ਨਾਲ ਵਿਸਾਹਘਾਤ ਦੀ ਲੰਮਾ ਸਮਾਂ ਕੀਤੀ ਰਾਜਨੀਤੀ ਦਾ ਕਰੂਪ ਅਮਲ ਪੇਸ਼ ਕਰਦੇ ਹਨ। ਪਰ ਇਸੇ ਦੇ ਇਵਜ਼ ਵਿਚ ਉਹਨਾ ਨੂੰ ਜੋ ਤਨਖਾਹ ਲਗਾਈ ਗਈ ਹੈ ਓਹ ਕਿਸੇ ਸਿਖ ਵਲੋਂ ਸਖਸ਼ੀ ਰਹਿਤ ਦੀ ਅਵੱਗਿਆ ਦੀ ਹੈ ਨਾ ਕਿ ਰਾਜ ਅਭਿਮਾਨ ਵਿਚ ਕੀਤੇ ਵਿਸਾਹ ਘਾਤ ਦੀ।

ਦੂਸਰਾ ਜਥੇਦਾਰਾਂ ਵਲੋਂ ਸੁਖਬੀਰ ਸਿੰਘ ਅਤੇ ਸੁਖਦੇਵ ਸਿੰਘ ਵਰਗੇ ਗੁਨਾਹਗਾਰਾਂ ਨੂੰ ਨੀਲਾ ਬਾਣਾ ਪਵਾ ਕੇ ਸਤਿਗੁਰ ਨਾਨਕ ਸੱਚੇ ਪਾਤਿਸਾਹ ਦਰਬਾਰ ਦੇ ਬਰਛਾ ਬਰਦਾਰ ਜੇਹੀ ਸਨਮਾਨਿਤ ਸੇਵਾ ਦੇਣੀ ਹੀ ਆਪਣੇ ਆਪ ਵਿਚ ਤਨਖਾਹ ਤੇ ਪੰਥਕ ਰਵਾਇਤਾਂ ਦੀ ਉਲੰਘਣਾ ਹੈ ਅਤੇ ਦਸਮ ਪਾਤਸ਼ਾਹ ਜੀ ਵਲੋਂ ਬਖਸ਼ੇ ਨੀਲੇ ਬਾਣੇ ਦੀ ਤੌਹੀਨ ਤੇ ਗੁਰਮਤਿ ਦੀ ਸੋਝੀ ਨਾ ਹੋਣ ਦਾ ਸਬੂਤ ਹੈ।

ਸੋ, ਗੁਰ ਸੰਗਤਿ ਦੀਆਂ ਭਾਵਨਾ ਅਨੁਸਾਰ ਸਜ਼ਾ ਨਾ ਦੇ ਸਕਣਾ ਸ਼੍ਰੋ.ਗੁ.ਪ੍ਰ.ਕ. ਤਹਿਤ ਤਖਤ ਸਾਹਿਬਾਨ ਦੇ ਸੇਵਾ ਨਿਜ਼ਾਮ ਤੇ ਇਸ ਨਿਜ਼ਾਮ ਦੇ ਅਮਲਾਂ ਦੀ ਸੀਮਤਾਈ ਨੂੰ ਪਰਗਟ ਕਰਦਾ ਹੈ।

ਆਪਣੇ ਆਦੇਸ਼ ਨੰਬਰ ਅ ੩/੨੦੬ ਵਿਚ ਜਥੇਦਾਰ ਆਪ ਹੀ ਮੰਨਦੇ ਹਨ ਕਿ ਆਪਣੇ ਗੁਨਾਹਾਂ ਕਾਰਨ ਇਹ ਆਗੂ ਜਮਾਤ ਗੁਰਸੰਗਤਿ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਪਰ ਇਸ ਆਦੇਸ਼ ਦੇ ਅਗਲੇ ਨੁਕਤੇ ਵਿਚ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਨਿਰਪੱਖ ਪੰਥ ਦਰਦੀਆਂ ਦੀ ਬਜਾਏ ਬਾਦਲ ਦਲ ਦੇ ਹੀ ਆਗੂਆਂ ਦੀ ਇਕ ਕਮੇਟੀ ਬਣਾ ਦਿਤੀ ਗਈ ਹੈ ਜੋ ਕਿ ਬੁਨਿਆਦੀ ਰੂਪ ਵਿਚ ਆਪਾ ਵਿਰੋਧੀ ਗੱਲ ਹੈ।

ਖਾਲਸਾ ਪੰਥ ਵਿਚ ਗੁਰਮਤਾ ਕਰਨ ਦੀ ਵਿਧੀ ਪਾਰਦਰਸ਼ੀ, ਸੰਗਤੀ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਅਧਾਰਤ ਹੈ ਜਿਸ ਵਾਸਤੇ ਅਜਿਹਾ ਫੈਸਲਾ ਲੈਣ ਲਈ ਪੰਥਕ ਖੇਤਰ ਵਿਚ ਵਿਚਰਦੇ ਧਾਰਮਿਕ ਤੇ ਪੰਥਕ ਰਾਜਸੀ ਜਥਿਆਂ, ਸੰਪਰਦਾਵਾਂ ਤੇ ਪਰਬੰਧਕੀ ਸੰਸਥਾਵਾਂ ਦੀ ਸਮੂਲੀਅਤ ਲਾਜਮੀ ਸੀ ਪਰ ਜਾਪਦਾ ਹੈ ਕਿ ਰਾਜਸੀ ਧਿਰਾਂ ਦੇ ਪ੍ਰਭਾਵ ਅਧੀਨ ਜਥੇਦਾਰਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਇਸ ਲਈ ਬਾਦਲ ਦਲੀਆਂ ਨੂੰ ਤਨਖਾਹ ਲਾਉਣ ਦਾ ਤਰੀਕਾਕਾਰ ਗੁਰਮਤੇ ਦੀ ਪੰਥਕ ਰਿਵਾਇਤ ਦੇ ਅਨੁਸਾਰੀ ਨਹੀਂ ਸੀ।

ਸ਼੍ਰੋ.ਗੁ.ਪ੍ਰ.ਕ. ਵੱਲੋਂ ਨੀਯਤ ਜਥੇਦਾਰ ਸਮੁੱਚੇ ਪੰਥ ਨੂੰ ਵਿਸ਼ਵਾਸ਼ ਵਿਚ ਲੈ ਕੇ ਨਿਯੁਕਤ ਕੀਤੇ ਜਥੇਦਾਰ ਨਹੀਂ ਹਨ ਸਗੋਂ ਉਹ ਬਾਦਲ ਦਲ ਵੱਲੋਂ ਸਿਰਜੇ ਤਾਣੇ-ਬਾਣੇ ਦੇ ਲਾਭਪਾਤਰੀ ਹਨ।

ਬਾਦਲ ਦਲੀਆਂ ਵਲੋਂ ਕਬੂਲੇ ਗੁਨਾਹ ਖਾੜਕੂ ਲਹਿਰ, ਸਿਰਸੇ ਵਾਲੇ ਪਾਖੰਡੀ ਵਿਰੁਧ ਲਹਿਰ ਅਤੇ ਗੁਰੂ ਗਰੰਥ ਸਾਹਿਬ ਬੇਅਦਬੀ ਇਨਸਾਫ ਲਹਿਰ ਦੁਆਲੇ ਕੇਂਦਰਤ ਹਨ।

ਇਹਨਾਂ ਤਿੰਨ ਲਹਿਰਾਂ ਵਿਚ ਦਸਮੇਸ਼ ਪਿਤਾ ਜੀ ਦੀ ਮਿਹਰ ਦੇ ਸਦਕਾ ਅਹਿਮ ਸੇਵਾਵਾਂ ਨਿਭਾਉਣ ਵਾਲੇ ਜਥਿਆਂ, ਸੰਸਥਾਵਾਂ ਤੇ ਸਖਸ਼ੀਅਤਾਂ ਨੂੰ ਇਸ ਸਾਰੇ ਅਮਲ ਤੋਂ ਲਾਂਭੇ ਰਖ ਕੇ ਜਥੇਦਾਰਾਂ ਨੇ ਸਰਬਤ ਖਾਲਸਾ ਪੰਥ ਪ੍ਰਤੀ ਆਪਣੀ ਵਚਨਵਧਤਾ ਦੀ ਬਜਾਏ ਸਿਰਫ ਬਾਦਲ ਦਲ ਪ੍ਰਤੀ ਆਪਣੀ ਵਫਾਦਾਰੀ ਸਾਬਤ ਕੀਤੀ ਹੈ।

ਇਕ ਜਥੇਦਾਰ ਤਾਂ ਅਜੇ ਕੁਛ ਸਮਾਂ ਪਹਿਲਾਂ ਤਕ ਦਿਲੀ ਤਖਤ ਦੇ ਵਜੀਰਾਂ ਨਾਲ ਸਿਧਾ ਰਾਬਤਾ ਰਖਣ ਕਰਕੇ ਅਤੇ ਆਪਣੀ ਸੁਰਖਿਆ ਲਈ ਬਾਬਰ ਕਿਆਂ ਦੇ ਕਮਾਂਡੋ ਰਖਣ ਕਰਕੇ ਨੁਕਤਾਚੀਨੀ ਦਾ ਸ਼ਿਕਾਰ ਹੁੰਦੇ ਆਏ ਹਨ।

ਇੰਝ ਸ਼੍ਰੋ.ਗੁ.ਪ੍ਰ.ਕ. ਵੱਲੋਂ ਨੀਯਤ ਜਥੇਦਾਰਾਂ ਦੀ ਨਿਰਪੱਖਤਾ ਤੇ ਨਿਸ਼ਕਾਮਤਾ ਦੋਵੇਂ ਹੀ ਸਵਾਲਾਂ ਦੇ ਘੇਰੇ ਵਿਚ ਹਨ।

ਸਿਰੀ ਅਕਾਲ ਤਖਤ ਸਾਹਿਬ ਤੋਂ ਹੋਈ ਕਾਰਵਾਈ ਇੰਡੀਅਨ ਵੋਟਤੰਤਰ ਅਧੀਨ ਚਲਣ ਵਾਲੀ ਇਕ ਰਾਜਸੀ ਪਾਰਟੀ ਉਤੇ ਕੇਂਦਰਤ ਹੋਣ ਦੀ ਬਜਾਏ ਮੁਕੰਮਲ ਪੰਥਕ ਜਥੇਬੰਦਕ ਜੁਗਤਿ ਦੀ ਪੁਨਰ ਸੁਰਜੀਤੀ ਉਤੇ ਕੇਂਦਰਤ ਹੋਣੀ ਚਾਹੀਦੀ ਸੀ।

ਮੁਕੰਮਲ ਪੰਥਕ ਜਥੇਬੰਦਕ ਜੁਗਤਿ  ਖਾਲਸਾ ਪੰਥ ਦੇ ਤਖਤ ਸਾਹਿਬਾਨ ਦੀ ਸਿਰਮੌਰਤਾ ਦੀ ਬਹਾਲੀ ਲਈ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਪੰਥਕ ਨਿਜ਼ਾਮ ਸਿਰਜਣਾ, ਗੁਰਦੁਆਰਾ ਪ੍ਰਬੰਧਨ ਵਿਚ ਖੁਦਮੁਖਤਿਆਰੀ ਸਥਾਪਤ ਕਰਨਾ, ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਅਨੁਸਾਰੀ ਦੇਸ-ਕਾਲ ਘੜਨ ਦੇ ਸੰਗਰਾਮ ਨੂੰ ਸੂਤਰਬੱਧ ਕਰਨਾ ਅਤੇ ਇੰਡੀਅਨ ਨਿਜ਼ਾਮ ਸਮੇਤ ਕਿਸੇ ਵੀ ਦੁਨਿਆਵੀ ਤਖਤ ਅਧੀਨ ਚਲ ਰਹੀ ਵੋਟ ਰਾਜਨੀਤੀ ਨੂੰ ਸੂਤਰਬਧ ਕਰਨਾ ਪ੍ਰਮੁੱਖ ਖੇਤਰ ਬਣਦੇ ਹਨ।

ਇਸ ਸਾਰੀ ਕਵਾਇਦ ਵਿਚ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਵਿਸ਼ਵ ਭਰ ਵਿਚ ਵੱਖ-ਵੱਖ ਖੇਤਰਾਂ ਵਿਚ ਸਰਗਰਮ ਜਥਿਆਂ ਤੇ ਸੰਸਥਾਵਾਂ ਨੂੰ ਸ਼ਾਮਲ ਕਰਕੇ ਰਵਾਇਤੀ ਪੰਥਕ ਜੁਗਤਿ ਅਨੁਸਾਰ ਗੁਰਮਤਾ ਬੁਲਾਉਣ ਦੀ ਕਵਾਇਦ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਸੀ।

ਵੱਲੋਂ:

ਭਾਈ ਦਲਜੀਤ ਸਿੰਘ

੨੪ ਮੱਘਰ ੫੫੬ ਨਾਨਕਸ਼ਾਹੀ

(੯ ਦਸੰਬਰ ੨੦੨੪ ਈ.)


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version