ਸਿੱਖ ਖਬਰਾਂ

ਭਾਈ ਦਲਜੀਤ ਸਿੰਘ, ਐਡਵੋਕੇਟ ਮੰਝਪੁਰ ਆਪਣੇ ਸਾਥੀਆਂ ਸਮੇਤ ਬਰੀ, ਪੁਲਿਸ ਅਦਾਲਤ ਵਿੱਚ ਨਹੀਂ ਕਰ ਸਕੀ ਦੋਸ਼ ਸਾਬਤ

By ਸਿੱਖ ਸਿਆਸਤ ਬਿਊਰੋ

July 22, 2014

ਲੁਧਿਆਣਾ, ਪੰਜਾਬ (ਜੁਲਾਈ 22, 2014): ਅੱਜ ਵਧੀਕ ਸੈਸ਼ਨ ਜੱਜ ਸੁਖਦੇਵ ਸਿੰਘ ਦੀ ਅਦਾਲਤ ਨੇ 5 ਸਾਲ ਪੁਰਾਣੇ ਇੱਕ ਮਾਮਲੇ ਵਿਚ ਫੈਸਲਾ ਸੁਣਾਉਂਦਿਆਂ ਪੁਲਿਸ ਵਲੋਂ ਦੋਸ਼ੀ ਬਣਾਏ ਗਏ ਪੰਜਾਂ ਸਿੱਖਾਂ – ਭਾਈ ਦਲਜੀਤ ਸਿੰਘ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਲਵਿੰਦਰ ਸਿੰਘ ਸ਼ਤਰਾਣਾ, ਭਾਈ ਬਲਬੀਰ ਸਿੰਘ ਬੀਰਾ ਅਤੇ ਗੁਰਦੀਪ ਸਿੰਘ ਰਾਜੂ ਨੂੰ ਬਰੀ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰੈੱਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਲੁਧਿਆਣਾ ਦੀ ਇਕ ਅਦਾਲਤ ਨੇ 2009 ਦੇ ਕਥਿਤ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਇਕ ਮਾਮਲੇ ਵਿਚ ਬਾਇੱਜਤ ਬਰੀ ਕਰ ਦਿੱਤਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ 2009 ਵਿਚ ਇਹ ਕੇਸ ਸਿਆਸੀ ਕਾਰਨਾਂ ਕਰਕੇ ਦਰਜ਼ ਕੀਤਾ ਗਿਆ ਸੀ। ਸਿਆਸੀ ਹਿੱਤਾਂ ਤੋਂ ਪ੍ਰੇਰਤ ਇਸ ਕਾਰਵਾਈ ਰਾਹੀਂ ਜਿਥੇ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਪੰਥਕ ਰਸਾਲੇ ਸਿੱਖ ਸ਼ਹਾਦਤ ਨੂੰ ਪਿੜ ਵਿਚੋਂ ਬਾਹਰ ਕਰਨ ਦਾ ਯਤਨ ਕੀਤਾ ਗਿਆ ਸੀ ਓਥੇ ਕਾਨੂੰਨ ਅਤੇ ਕਾਨੂੰਨੀ ਪ੍ਰਕਿਰਿਆ ਦੀ ਵੀ ਖੁੱਲ੍ਹੀ ਦੁਰਵਰਤੋਂ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ 2011 ਵਿਚ ਜਮਾਨਤ ਉੱਤੇ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਇਸ ਕੇਸ ਬਾਰੇ ਇਕ ਵਿਸਤਾਰਤ ਰਿਪੋਰਟ ਵੀ ਜਾਰੀ ਕੀਤੀ ਸੀ, ਜਿਸ ਵਿਚ ਤੱਥਾਂ ਦੇ ਅਧਾਰ ਉੱਤੇ ਇਹ ਸਾਬਤ ਕੀਤਾ ਗਿਆ ਸੀ ਕਿ ਇਹ ਕੇਸ ਸਿਆਸਤ ਤੋਂ ਪ੍ਰੇਰਿਤ ਸੀ।

ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਸਰਕਾਰੀ ਸ਼ਹਿ ਉੱਤੇ ਮੀਡੀਆ ਨਾਲ ਰਲ ਕੇ ਸਿੱਖ ਸ਼ਹਾਦਤ ਰਸਾਲੇ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਵਿਰੁਧ ਬਹਤੁ ਵਿਆਪਕ ਕੂੜ ਪ੍ਰਚਾਰ ਕੀਤਾ ਗਿਆ ਸੀ ਅਤੇ ਇਹ ਝੂਠ ਵੀ ਪ੍ਰਚਾਰਿਆ ਗਿਆ ਸੀ ਕਿ 43 ਬੈਂਕ ਖਾਤਿਆਂ ਵਿਚ ਅੱਤਵਾਦੀ ਕਾਰਵਾਈਆਂ ਲਈ ਪੈਸੇ ਭੇਜੇ ਗਏ ਹਨ।

ਉਨ੍ਹਾਂ ਕਿਹਾ ਕਿ ਉਹ ਆਪਣੀ ਰਿਪੋਰਟ ਵਿਚ ਵੀ ਸਪਸ਼ਟ ਕਰ ਚੁੱਕੇ ਸਨ ਕਿ ਪੁਲਿਸ ਵਕੀਲਾਂ ਨੂੰ ਭੇਜੀਆਂ ਗਈਆਂ ਕੇਸਾਂ ਦੀਆਂ ਫੀਸਾਂ ਅਤੇ “ਅਜੀਤ” ਜਿਹੇ ਅਖਬਾਰਾਂ ਦੇ ਪੱਤਰਕਾਰਾਂ ਨੂੰ ਭੇਜੇ ਗਏ ਇਸ਼ਤਿਹਾਰਾਂ ਦੇ ਪੈਸਿਆਂ ਨੂੰ “ਅੱਤਵਾਦ” ਫੈਲਾਉਣ ਲਈ ਭੇਜੇ ਗਏ ਪੈਸੇ ਗਰਦਾਨ ਰਹੀ ਸੀ।

ਅੱਜ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਬਚਾਅ ਪੱਖ ਦੇ ਵਕੀਲ ਐਡਵੋਕੇਟ ਐਚ. ਐਸ. ਗਰੇਵਾਲ ਨੇ ਦੱਸਿਆ ਕਿ ਅਦਾਲਤ ਵਿਚ ਪੇਸ਼ ਹੋਏ ਸਬੂਤਾਂ ਦੇ ਅਧਾਰ ਉੱਤੇ ਪੁਲਿਸ ਵਲੋਂ ਲਗਾਇਆ ਗਿਆ ਕੋਈ ਵੀ ਦੋਸ਼ ਸਾਬਤ ਨਹੀਂ ਸੀ ਹੁੰਦਾ ਜਿਸ ਕਾਰਨ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਇਹ ਕੇਸ ਬਰੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਮੁਕਦਮਾਂ ਐਫ. ਆਈ. ਆਰ ਨੰਬਰ 131/2009 ਤਹਿਤ ਸਰਾਭਾ ਨਗਰ ਪੁਲਿਸ ਠਾਣੇ ਵਿਚ ਦਰਜ਼ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਉਮੀਦ ਸੀ ਕਿ ਝੂਠੇ ਫੈਸਲੇ ਦਾ ਅੰਤ ਇਹੀ ਹੋਵੇਗਾ ਪਰ ਬੀਤੇ 5 ਸਾਲਾਂ ਦੌਰਾਨ ਇਸ ਝੂਠੀ ਕਾਰਵਾਈ ਦਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: