ਮਾਨਸਾ,( 9 ਮਈ 2014):- ਚਰਚਿਤ ਡੇਰਾ ਸੱਚਾ ਸੌਦਾ ਪ੍ਰੇਮੀ ਲਿੱਲੀ ਕਤਲ ਕਾਂਡ ਦਾ ਫੈਸਲਾ ਅੱਜ ਵਧੀਕ ਸ਼ੈਸ਼ਨ ਜੱਜ ਮਾਨਸਾ ਰਾਜ ਕੁਮਾਰ ਗਰਗ ਦੀ ਅਦਾਲਤ ਨੇ ਸਖ਼ਤ
ਸੁਰੱਖਿਆ ਪ੍ਰਬੰਧਾਂ ਹੇਠ ਸੁਣਾਉਂਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਦਲਜੀਤ ਸਿੰਘ ਬਿੱਟੂ, ਖਾੜਕੂ ਬਲਵੀਰ ਸਿੰਘ ਭੂਤਨਾ ਸਮੇਤ 10 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਕਤਲ ਕਾਂਡ ਵਿਚ ਪਿੰਡ ਆਲਮਪੁਰ ਮੰਦਰਾਂ ਦੇ ਤਿੰਨ ਵਿਅਕਤੀਆਂ ਨੂੰ ਅਦਾਲਤ ਨੇ ਉਮਰ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇੱਕ ਵੱਖਰੇ ਮਾਮਲੇ ਵਿਚ ਪਿਸਤੌਲ ਰੱਖਣ ਦੇ ਦੋਸ਼ ਵਿਚ ਮੱਖਣ ਸਿੰਘ ਸਰਦੂਲਗੜ੍ਹ ਨੂੰ ਅਦਾਲਤ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ।
ਡੇਰਾ ਸੌਦਾ ਸਾਧ ਸਰਸਾ ਵਿਵਾਦ ਦਰਮਿਆਨ 28 ਜੁਲਾਈ 2009 ਨੂੰ ਮਾਨਸਾ ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਵਾਪਸ ਜਾ ਰਹੇ ਪਿੰਡ ਆਲਮਪੁਰ ਮੰਦਰਾਂ ਦੇ ਡੇਰਾ ਪ੍ਰੇਮੀ ਲਿੱਲੀ ਕੁਮਾਰ ਦਾ ਕੁਝ ਵਿਅਕਤੀਆਂ ਨੇ ਪਿੰਡ ਚਕੇਰੀਆਂ ਲਾਗੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੋਸ਼ ਹੇਠ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਉਸ ਸਮੇਂ ਮ੍ਰਿਤਕ ਲਿੱਲੀ ਕੁਮਾਰ ਦੇ ਭਰਾ ਬਲੀ ਕੁਮਾਰ ਦੀ ਸ਼ਿਕਾਇਤ ‘ਤੇ ਪਿੰਡ ਆਲਮਪੁਰ ਮੰਦਰਾਂ ਦੇ ਹੀ ਨੌਜਵਾਨਾਂ ਦਲਜੀਤ ਸਿੰਘ ਟੈਨੀ, ਡਾ. ਛਿੰਦਾ ਸਿੰਘ ਅਤੇ ਮਿੱਠੂ ਸਿੰਘ ਖਿਲਾਫ ਧਾਰਾ 302 ਅਧੀਨ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਸੀ।
ਇਸ ਤੋਂ ਬਾਅਦ ਪੁਲਿਸ ਨੇ ਭਾਈ ਬਲਵੀਰ ਸਿੰਘ ਭੂਤਨਾ ਸਮੇਤ ਇਸ ਇਲਾਕੇ ਦੇ ਸਿੱਖ ਨੌਜਵਾਨਾ ਗਮਦੂਰ ਸਿੰਘ ਝੰਡੁਕੇ, ਕਰਨ ਸਿੰਘ ਝੰਡੂਕੇ, ਅੰਮ੍ਰਿਤਪਾਲ ਸਿੰਘ ਕੋਟ ਧਰਮੂ, ਰਾਜ ਸਿੰਘ ਕੋਟ ਧਰਮੂ, ਮੱਖਣ ਸਿੰਘ ਸਰਦੂਲਗੜ੍ਹ , ਬਿੰਦਰ ਸਿੰਘ ਕੋਟਧਰਮੂ, ਗੁਰਦੀਪ ਸਿੰਘ ਰਾਜੂ ਨੂੰ 3 ਅਗਸਤ ਨੂੰ ਗ੍ਰਿਫਤਾਰ ਕਰਕੇ ਅਦਾਲਤ ਨੂੰ ਦੱਸਿਆ ਕਿ ਡੇਰਾ ਪ੍ਰੇਮੀ ਲਿੱਲੀ ਕੁਮਾਰ ਦਾ ਕਤਲ ਪਿੰਡ ਆਲਮਪੁਰ ਮੰਦਰਾਂ ਦੇ ਨੌਜਵਾਨਾ ਦਲਜੀਤ ਸਿੰਘ ਟੈਨੀ, ਡਾ. ਛਿੰਦਾ ਸਿੰਘ ਅਤੇ ਮਿੱਠੂ ਸਿੰਘ ਨੇ ਨਹੀਂ ਬਲਕਿ, ਭਾਈ ਦਲਜੀਤ ਸਿੰਘ ਬਿੱਟੂ, ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ( ਪੰਚ ਪ੍ਰਧਾਨੀ) ਦੀ ਹਦਾਇਤ ‘ਤੇ ਉਕਤ ਨੌਜਵਾਨਾਂ ਨੇ ਕੀਤਾ ਸੀ ਅਤੇ ਇਸ ਸਾਜਿਸ਼ ਵਿੱਚ ਪ੍ਰੋ. ਗੁਰਬੀਰ ਸਿੰਘ ਮਾਨਸਾ ਅਤੇ ਭਾਈ ਮਨਧੀਰ ਸਿੰਘ ਜਰਨਲ ਸਕੱਤਰ, ਪੰਚ ਪ੍ਰਧਾਨੀ ਵੀ ਸ਼ਾਮਿਲ ਸਨ।
ਲਗਭਗ ਪੌਣੇ ਪੰਜ ਸਾਲ ਚੱਲੇ ਇਸ ਕੇਸ ਵਿੱਚ ਪੁਲਿਸ ਨੇ 46 ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਸਨ,ਜਿਨ੍ਹਾਂ ਵਿਚੋ ਚਾਰ ਪ੍ਰਾਈਵੇਟ ਗਵਾਹਾਂ ਨੇ ਪਿੰਡ ਆਲਮਪੁਰ ਮੰਦਰਾਂ ਦੇ ਨੌਜਵਾਨਾਂ ਦਲਜੀਤ ਸਿੰਘ ਟੈਣੀ, ਡਾ. ਛਿੰਦਾ ਸਿੰਘ ਅਤੇ ਮਿੱਠੂ ਸਿੰਘ ਖਿਲਾਫ ਗਵਾਹੀਆਂ ਅਦਾਲਤ ਵਿੱਚ ਦਰਜ਼ ਕਰਵਾਈਆਂ ਸਨ।
ਭਾਈ ਬਲਵੀਰ ਸਿੰਘ ਭੂਤਨਾ ਤੋਂ ਇਲਾਵਾ ਇਸ ਕੇਸ ਵਿੱਚ ਨਾਮਜ਼ਦ ਸਾਰੇ ਵਿਅਕਤੀ ਅਦਾਲਤ ਵੱਲੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤੇ ਸਨ ।
ਅੱਜ ਇਹ ਫੈਸਲਾ ਸੁਣਾਉਣ ਮੌਕੇ ਪੁਲਸ ਵਲੋਂ ਅਦਾਲਤ ਕੰਪਲੈਕਸ, ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਪੁਲਸ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਸਨ। ਭਾਈ ਦਲਜੀਤ ਸਿੰਘ ਬਿੱਟੂ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸੱਚਾਈ ਦੀ ਜਿੱਤ ਕਰਾਰ ਦਿੱਤਾ ਹੈ। ਸਿੱਖ ਜਥੇਬੰਦੀਆਂ ਵਲੋਂ ਇਸ ਕੇਸ ਦੀ ਪੈਰਵੀ ਐਡਵੋਕੇਟ ਅਜੀਤ ਸਿੰਘ ਭੰਗੂ ਅਤੇ ਆਲਮਪੁਰ ਮੰਦਰਾਂ ਦੇ ਸਜ਼ਾ ਸੁਣਾਏ ਜਾਣ ਵਾਲੇ ਵਿਅਕਤੀਆਂ ਦੀ ਪੈਰਵੀ ਵਕੀਲ ਗੁਲਾਬ ਸਿੰਘ ਖੱਟੜਾ ਕਰ ਰਹੇ ਸਨ।