ਫ਼ਤਹਿਗੜ੍ਹ ਸਾਹਿਬ (17 ਅਪ੍ਰੈਲ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਇਕ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਨਤਕ ਤੌਰ ਸਿਆਸਤਦਾਨਾਂ ਵਲੋਂ ਕੀਤੀ ਜਾਦੀ ਕਾਲੇ ਧਨ ਦੀ ਵਰਤੋਂ ਦੀ ਗੱਲ ਜਨਤਕ ਤੌਰ ’ਤੇ ਕਬੂਲ ਕੀਤੀ ਹੈ ਇਸ ਲਈ ਜਨ ਲੋਕਪਾ ਬਿਲ ਦੀ ਖਰੜ੍ਹ ਕਮੇਟੀ ਉਨ੍ਹਾਂ ਲੋਕਾਂ ਨੂੰ ਵੀ ਇਸ ਬਿਲ ਦੇ ਘੇਰ ਵਿੱਚ ਲਿਆਵੇ ਜੋ ਖੁਦ ਕਾਲੇ ਧਨ ਦੀ ਵਰਤੋਂ ਦੀ ਗੱਲ ਕਬੂਲਦੇ ਹਨ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਉਕਤ ਸਮਾਗਮ ਵਿਚ ਇਹ ਵੀ ਕਿਹਾ ਸੀ ਕਿ ਅਜਿਹੇ ਹਾਲਾਤਾਂ ਵਿਚ ਜਨ ਲੋਕਪਾਲ ਬਿਲ ਨਾਲ ਭ੍ਰਿਸਟਾਚਾਰ ਨੂੰ ਰੋਕਿਆ ਨਹੀਂ ਜਾ ਸਕਦਾ ਉਕਤ ਆਗੂਆਂ ਨੇ ਕਿਹਾ ਕਿ ਜਨ ਲੋਕਪਾਲ ਬਿਲ ਦਾ ਘੇਰਾ ਵਿਸ਼ਾਲ ਤੇ ਸਖ਼ਤ ਕੀਤੇ ਜਾਣ ਨਾਲ ਹੀ ਇਸਦਾ ਉਚਿੱਤ ਲਾਭ ਉਠਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਕੋਈ ਨਵੀ ਨਹੀਂ ਸਗੋਂ ਬਹੁਤ ਪੁਰਾਣੀ ਬੁਰਾਈ ਹੈ ਤੇ ਦੇਸ਼ ਦੇ ਢਾਂਚੇ ਵਿੱਚ ਬਹੁਤ ਡੂੰਘੀਆਂ ਜੜ੍ਹਾਂ ਫੈਲਾ ਚੁੱਕੀ ਹੈ। ਕੇਂਦਰ ਵਿਚ ਹੁਕਮਰਾਨ ਧਿਰ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਵੀ ਇੱਕ ਪੱਤਰ ਵਿਚ ਇਹ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਉਨ੍ਹਾਂ ਦੇ ਬਜ਼ੁਰਗਾਂ ਤੋਂ ਮਿਲਿਆ ਹੈ ਭਾਈ ਚੀਮਾ ਨੇ ਕਿਹਾ ਕਿ ਇਸ ਪੱਤਰ ਤੋਂ ਦੇਸ਼ ਭਰ ਵਿੱਚ ਛਿੜੀ ਚਰਚਾ ਅਨੁਸਾਰ ਰਾਹੁਲ ਗਾਂਧੀ ਵਲੋਂ ਵਰਤੇ ਗਏ ‘ਬਜ਼ੁਰਗ’ ਸ਼ਬਦ ਦੀਆਂ ਤਾਰਾਂ ਜਵਾਹਰ ਲਾਲ ਨਹਿਰੂ ਦੇ ਸਮੇਂ ਨਾਲ ਜਾ ਜੁੜਦੀਆਂ ਹਨ। ਹੁਕਮਰਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਲੋਂ ਇਸ ਦੇਸ਼ ਦੇ ਸਿਸਟਮ ਨੂੰ ‘ਸੜਿਆ ਹੋਇਆ’ ਕਹਿ ਕੇ ਇਸ ਨੂੰ ਸੁਧਾਰਨ ਦੀ ਲੋੜ ’ਤੇ ਜ਼ੋਰ ਦੇਣ ਵਰਗੇ ਸ਼ਬਦ ਇਸ ਗੱਲ ਦੀ ਗੰਭੀਰਤਾ ਦੀ ਖੁਦ-ਬ-ਖੁਦ ਵਿਆਖਿਆ ਕਰ ਜਾਂਦੇ ਹਨ ਕਿ ਦੇਸ਼ ਅੰਦਰ ਭ੍ਰਿਸ਼ਟਾਚਾਰ ਕਿਸ ਹੱਦ ਤੱਕ ਪਹੁੰਚ ਚੁੱਕਾ ਹੈ।