ਸਿੱਖ ਖਬਰਾਂ

ਭਾਈ ਚੀਮਾ ਤੇ ਸਲਾਣਾ ਵਲੋਂ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ

By ਬਲਜੀਤ ਸਿੰਘ

September 20, 2011

ਫ਼ਤਿਹਗੜ੍ਹ ਸਾਹਿਬ (20 ਸਤੰਬਰ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਾਥ ਦੇਣ ਵਾਲੇ ਵੋਟਰਾਂ, ਸਮਰਥਕਾਂ, ਪੰਚ ਪ੍ਰਧਾਨੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ (1920) ਦੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਵੀਰਾਂ ਨੇ ਤਨ,ਮਨ, ਧੰਨ ਨਾਲ ਮਦਦ ਕੀਤੀ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਭਵਿੱਖ ਵਿੱਚ ਵੀ ਅਸੀਂ ਉਨ੍ਹਾ ਨਾਲ ਜੁੜੇ ਰਹਾਂਗੇ। ਗੈਰ ਸਿੱਖਾਂ ਦੀਆਂ ਅਤੇ ਜਾਅਲੀ ਵੋਟਾਂ ਭੁਗਤਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਪੰਜਾਬ ਭਰ ਵਿੱਚ ਪੁਲਿਸ ਪ੍ਰਸਾਸ਼ਨ ਦੀ ਮਦਦ ਨਾਲ ਗੁੰਡਾਗਰਦੀ ਦੇ ਜ਼ੋਰ ’ਤੇ ਜਾਅਲੀ ਵੋਟਾਂ ਭੁਗਤਾ ਕੇ ਪੰਥਕ ਉਮੀਦਾਵਾਰਾਂ ਨੂੰ ਅੱਗੇ ਆਉਣ ਤੋਂ ਰੋਕਿਆ ਗਿਆ ਹੈ। ਇਸ ਵਿੱਚ ਕੇਂਦਰ ਸਰਕਾਰ ਦੀ ਪੰਜਾਬ ਦੀ ਬਾਦਲ ਸਰਕਾਰ ਨਾਲ ਮਿਲੀਭੁਗਤ ਸਾਫ਼ ਨਜ਼ਰ ਆ ਰਹੀ ਹੈ ਕਿਉਂਕਿ ਉਨ੍ਹਾਂ ਸਮੇਤ ਪੰਥਕ ਉਮੀਦਵਾਰਾਂ ਨੇ ਪੰਜਾਬ ਭਰ ਚੋਂ ਮੁੱਖ ਗੁਰਦੁਆਰਾ ਚੋਣ ਕਮਿਸ਼ਨ ਨੂੰ ਵਾਰ-ਵਾਰ ਵੋਟਾਂ ਦੌਰਾਨ ਨੀਮ ਫ਼ੌਜੀ ਬਲ ਲਗਾਏ ਜਾਣ ਦੀ ਮੰਗ ਨੂੰ ਨਜ਼ਰ-ਅੰਦਾਜ਼ ਕੀਤਾ ਗਿਅ ਇੱਥੋਂ ਤੱਕ ਕਿ ਦੋ ਜਿਲ੍ਹਾ ਪ੍ਰਸ਼ਾਸ਼ਨਾਂ ਦੀ ਅਜਿਹੀ ਹੀ ਮੰਗ ਮੁੱਖ ਗੁਰਦੁਆਰਾ ਚੋਣ ਕਮਿਸ਼ਨ ਨੇ ਠੁਕਰਾ ਦਿੱਤੀ। ਉਨ੍ਹਾਂ ਕਿਹਾ ਕਿ ਪੰਥਕ ਮੋਰਚੇ ਦੇ ਉਮੀਦਵਾਰਾਂ ਨੇ ਸਿਧਾਂਤ ਨੂੰ ਅੱਗੇ ਰੱਖ ਕੇ ਇਹ ਚੋਣਾਂ ਲੜੀਆਂ ਹਨ ਤੇ ਅੱਜ ਵੀ ਉਹ ਗੁਰੂ ਦਾ ਸਿਧਾਂਤ ਲਾਗੂ ਕਰਵਾਉਣ ਲਈ ਦ੍ਰਿੜ੍ਹ ਸੰਕਲਪ ਹਨ। ਉਕਤ ਆਗੂਆਂ ਨੇ ਕਿਹਾ ਕਿ ਅਸੀਂ ਅਪਣੇ ਹਲਕੇ ਵਿੱਚ ਸਿੱਖੀ ਸਿਧਾਂਤ ਨੂੰ ਫੈਲਾਉਣ ਲਈ ਅਪਣੀਆਂ ਧਾਰਮਿਕ ਗਤੀਵਿਧੀਆਂ ਜਾਰੀ ਰਖਾਂਗੇ। ਇਸ ਸਮੇਂ ਉਨ੍ਹਾਂ ਨਾਲ ਅਕਾਲੀ ਦਲ 1920 ਦੇ ਆਗੂ ਸ. ਹਰੀ ਸਿੰਘ ਰੈਲੋਂ, ਪ੍ਰਿਤਪਾਲ ਸਿੰਘ ਬਡਵਾਲਾ, ਪੰਚ ਪ੍ਰਧਾਨੀ ਦੇ ਜਿਲ੍ਹਾ ਯੂਥ ਪ੍ਰਧਾਨ ਸ. ਗੁਰਮੁਖ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਹੈਪੀ, ਭਗਵੰਤ ਸਿੰਘ ਮਹੱਦੀਆਂ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: