Site icon Sikh Siyasat News

ਸ਼੍ਰੋਮਣੀ ਕਮੇਟੀ ਚੋਣਾਂ: ਭਾਈ ਚੀਮਾ ਤੇ ਸਲਾਣਾ ਵਲੋਂ ਹਲਕੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਤੇਜ਼

sgpc elections 2011 smallਫ਼ਤਿਹਗੜ੍ਹ ਸਾਹਿਬ (24 ਅਗਸਤ, 2011): ਹਲਕਾ ਬਸੀ ਪਠਾਣਾਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਮੋਰਚੇ ਦੇ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਰਾਖਵੀਂ ਸੀਟ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ ਵਲੋਂ ਹਲਕੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਜਦੋਂ ਤੋਂ ਚੋਣ ਪ੍ਰਕਿਰਿਆ ਸੁਰੂ ਹੋਈ ਹੈ। ਇਹ ਦੋਵੇਂ ਉਮੀਦਵਾਰ ਉਸ ਸਮੇਂ ਤੋਂ ਹੀ ਇਲਾਕੇ ਵਿੱਚ ਸਰਗਰਮ ਹਨ ਅਤੇ ਹਲਕੇ ਦੀਆਂ ਤਕਰੀਬਨ ਸਾਰੀਆਂ ਸਿੱਖ ਵੋਟਾਂ ਇਨ੍ਹਾਂ ਦੋਵਾਂ ਉਮੀਦਵਾਰਾਂ ਵਲੋਂ ਵੰਡੇ ਗਏ ਫਾਰਮਾਂ ਰਾਹੀਂ ਹੀ ਬਣੀਆਂ ਹਨ ਜਿਸ ਕਾਰਨ ਭਾਈ ਚੀਮਾ ਅਤੇ ਸਲਾਣਾ ਦਾ ਪਹਿਲਾਂ ਹੀ ਸਮੁੱਚੇ ਹਲਕੇ ਦੇ ਵੋਟਰਾਂ ਨਾਲ ਰਾਬਤਾ ਕਾਇਮ ਹੋ ਚੁੱਕਾ ਹੈ ਜੋ ਹੁਣ ਚੋਣ ਪ੍ਰਚਾਰ ਲਈ ਉਨ੍ਹਾਂ ਲਈ ਸਹਾਈ ਸਾਬਤ ਹੋ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਚੀਮਾ ਤੇ ਸਲਾਣਾ ਨੇ ਕਿਹਾ ਕਿ ਗੁਰਧਾਮਾਂ ਲਈ ਇਮਾਨਦਾਰਾਨਾ ਤੇ ਸਾਫ਼-ਸੁਥਰਾ ਪ੍ਰਬੰਧ ਕਾਇਮ ਕਰਨਾ ਉਨ੍ਹਾਂ ਦੀ ਦਿਲੀ ਇੱਛਾ ਹੈ। ਇਸ ਸਮੇਂ ਗੁਰਧਾਮਾਂ ’ਤੇ ਕਾਬਜ਼ ਬਾਦਲ ਗਰੁੱਪ ਨੇ ਭਾਜਪਾ ਤੇ ਆਰ.ਐਸ.ਐਸ ਦੇ ਇਸ਼ਾਰੇ ’ਤੇ ਇਸ ਪ੍ਰਬੰਧ ਵਿੱਚ ਬਹੁਤ ਨਿਘਾਰ ਪੈਦਾ ਕਰ ਦਿੱਤਾ ਹੈ। ਇੱਥੋਂ ਤੱਕ ਕਿ ਸੰਗਤਾਂ ਦੇ ਚੜ੍ਹਾਵੇ ਦੀ ਰਕਮ ਨਾਲ ਹੀ ਮੌਜ਼ੂਦਾ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬਾਨ ਦੀ ਘੋਰ ਨਿੰਦਾ ਕਰਦੀਆਂ ਪੁਸਤਕਾਂ ਛਾਪਣ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਜਾਣ-ਬੁੱਝ ਕੇ ਇਨ੍ਹਾਂ ਮਹੰਤਾਂ ਵਲੋਂ ਗੁਰੂ ਦੀ ਗੋਲਕ ਦਾ ਪੈਸਾ ਹੀ ਪੰਥ ਦੋਖੀ ਤਾਕਤਾਂ ਦੇ ਇਸ਼ਾਰੇ ’ਤੇ ਸਿੱਖੀ ਦਾ ਮਲੀਆਮੇਟ ਕਰਨ ਲਈ ਵਰਤਿਆ ਜਾ ਰਿਹਾ ਹੈ।ਗੁਰਧਾਮਾਂ ਅਤੇ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿੱਖ ਸਮਾਜ ਵਿੱਚ ਆਏ ਨਿਘਾਰ ਲਈ ਇਹ ਲੋਕ ਹੀ ਜ਼ਿੰਮੇਵਾਰ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਮਾੜੇ ਪ੍ਰਬੰਧ ਨੂੰ ਬਦਲਣ ਲਈ ਹਰ ਸਿੱਖ ਆਉਣ ਵਾਲੀ 18 ਸਤੰਬਰ ਨੂੰ ਟਰੱਕ ਚੋਣ ਨਿਸ਼ਾਨ ’ਤੇ ਮੋਹਰ ਲਗਾ ਕੇ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜੇ। ਇਸ ਸਮੇਂ ਉਕਤ ਆਗੂਆਂ ਨਾਲ ਹੰਸਰਾਜ ਸਿੰਘ ਲੁਹਾਰੀ ਕਲਾਂ (ਚੋਣ ਦਫ਼ਤਰ ਇੰਚਾਰਜ), ਹਰਪਾਲ ਸਿੰਘ ਸਹੀਦਗੜ੍ਹ, ਪ੍ਰਮਿੰਦਰ ਸਿੰਘ ਕਾਲਾ, ਪਰਮਜੀਤ ਸਿੰਘ ਸਿੰਬਲੀ, ਅਮਰਜੀਤ ਸਿੰਘ ਬਡਗੁਜਰਾਂ, ਹਰਪ੍ਰੀਤ ਸਿੰਘ ਹੈਪੀ, ਭਗਵੰਤਪਾਲ ਸਿੰਘ ਮਹੱਦੀਆਂ, ਮਿਹਰ ਸਿੰਘ ਬਸੀ, ਕਿਹਰ ਸਿੰਘ ਮਾਰਵਾ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version