ਪਟਿਆਲਾ: ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੇਅੰਤ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ’ਚ ਹੋ ਰਹੀ ਦੇਰੀ ਸਬੰਧੀ ਹੁਣ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਪਹਿਲਾਂ ਰਾਸ਼ਟਰਪਤੀ ਨੂੰ ਪੱਤਰ ਲਿਖਣ ਸਮੇਤ ਆਰਟੀਆਈ ਰਾਹੀਂ ਵੀ ਅਜਿਹੀ ਜਾਣਕਾਰੀ ਮੰਗੀ ਜਾ ਚੁੱਕੀ ਹੈ।
ਭਾਈ ਰਾਜੋਆਣਾ ਦਾ ਕਹਿਣਾ ਹੈ ਕਿ ਉਸ ਵੱਲੋਂ ਸ਼ਮੂਲੀਅਤ ਕਬੂਲੇ ਜਾਣ ਅਤੇ ਫਿਰ ਖ਼ੁਦ ਕੋਈ ਵੀ ਅਪੀਲ ਨਾ ਕੀਤੀ ਹੋਣ ਦੇ ਬਾਵਜੂਦ ਇਹ ਮਾਮਲਾ 21 ਸਾਲਾਂ ਤੋਂ ਲਟਕਾਇਆ ਜਾ ਰਿਹਾ ਹੈ। ਉਸ ਨੇ ਜਲਦੀ ਫ਼ੈਸਲਾ ਸੁਣਾਏ ਜਾਣ ’ਤੇ ਜ਼ੋਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 22 ਦਸੰਬਰ 1995 ਨੂੰ ਗ੍ਰਿਫ਼ਤਾਰ ਕੀਤੇ ਰਾਜੋਆਣਾ ਨੇ ਅਦਾਲਤ ਵਿੱਚ ਆਪਣਾ ਜ਼ੁਰਮ ਕਬੂਲਦਿਆਂ ਨਿਆਂਇਕ ਪ੍ਰਣਾਲੀ ’ਤੇ ਬੇਭਰੋਸਗੀ ਜ਼ਾਹਰ ਕੀਤੀ ਸੀ। ਇਸ ਮਗਰੋਂ 31 ਜੁਲਾਈ 2007 ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਉਪਰੰਤ ਇੱਕ ਪੁਰਾਣੇ ਕੇਸ ਅਧੀਨ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਚੰਡੀਗੜ੍ਹ ਦੀ ਇੱਕ ਅਦਾਲਤ ਤੋਂ ਇੱਥੇ ਪੁੱਜੇ ਮੌਤ ਦੇ ਵਾਰੰਟਾਂ ਦੌਰਾਨ ਉਨ੍ਹਾਂ ਨੂੰ 31 ਮਾਰਚ 2012 ਨੂੰ ਫਾਂਸੀ ਦੇਣ ਦੇ ਆਦੇਸ਼ ਆਏ ਸਨ।
ਭਾਈ ਰਾਜੋਆਣਾ ਵੱਲੋਂ ਰਹਿਮ ਦੀ ਅਪੀਲ ਤੋਂ ਜਵਾਬ ਦੇਣ ਕਰਕੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਸੀ, ਜਿਸ ਤਹਿਤ 28 ਮਾਰਚ ਨੂੰ ਰਾਸ਼ਟਰਪਤੀ ਵੱਲੋਂ ਫਾਂਸੀ ’ਤੇ ਰੋਕ ਲਾ ਦਿੱਤੀ ਗਈ ਸੀ।