Site icon Sikh Siyasat News

ਭਾਈ ਬਲਵੰਤ ਸਿੰਘ ਦੀ ਵਸੀਅਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ; ਫਾਂਸੀ ਤੋਂ ਬਾਅਦ ਅੰਗ ਦਾਨ ਕਰਨ ਦੀ ਇੱਛਾ ਪ੍ਰਗਟਾਈ

ਅੰਮ੍ਰਿਤਸਰ, ਪੰਜਾਬ (18 ਮਾਰਚ, 2012): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਵਸੀਅਤ ਅੱਜ ਬਾਬਾ ਬਲਜੀਤ ਸਿੰਘ ਦਾਦੂਵਾਲ, ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਅਤੇ ਸਿੱਖ ਸੰਗਤਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੀ। ਦੱਸਿਆ ਜਾਂਦਾ ਹੈ ਕਿ ਇਸ ਵਸੀਅਤ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਾਂਸੀ ਤੋਂ ਬਾਅਦ ਆਪਣਾ ਸਰੀਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਦਿਆਂ ਜ਼ਰੂਰੀ ਅੰਗ ਲੋੜਵੰਦਾਂ ਨੂੰ ਅਤੇ ਅੱਖਾਂ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸੂਰਮੇ ਸਿੰਘ ਭਾਈ ਲਖਵਿੰਦਰ ਸਿੰਘ ਨੂੰ ਦੇਣ ਦੀ ਇੱਛਾ ਪ੍ਰਗਟਾਈ ਹੈ।

ਅਖਬਾਰੀ ਸੂਤਰਾਂ ਦਞਤੋਂ ਮਿਲੀ ਜਾਣਕਾਰੀ ਮੁਤਾਬਕ ਭਾਈ ਬਲਵੰਤ ਸਿੰਘ ਦੇ ਸਰੀਰਕ ਅੰਗਾਂ ਸਬੰਧੀ ਫੈਸਲਾ 20 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਕੀਤਾ ਜਾਵੇਗਾ। ਜਥੇਦਾਰ ਸ੍ਰੀ ਅਕਾਲ ਸਾਹਿਬ ਗਿਆਨੀ ਗੁਰਬਚਨ ਸਿੰਘ ਭਾਈ ਰਾਜੋਆਣਾ ਦੀ ਇੱਛਾ ‘ਤੇ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਅੱਜ 19 ਮਾਰਚ ਨੂੰ ਮਿਲਣ ਜਾਣਗੇ।

ਅੱਜ ਭਾਈ ਬਲਵੰਤ ਸਿੰਘ ਦੀ ਭੈਣ ਬੀਬੀ ਕਮਲਜੀਤ ਕੌਰ, ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਬਲਵੰਤ ਸਿੰਘ ਦੇ ਵੱਡੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਮਾਰਚ ਦੇ ਰੂਪ ਵਿਚ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀਆਂ।

ਗੁ: ਮੰਜੀ ਸਾਹਿਬ ਰਾਜੋਆਣਾ ਤੋਂ ਅਰਦਾਸ ਕਰਕੇ ਰਵਾਨਾ ਹੋਏ ਇਸ ਮਾਰਚ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਈ ਰਾਜੋਆਣਾ ਦੀ ਵਸੀਅਤ ਦੇ ਦਸਤਾਵੇਜ਼ ਸੌਂਪੇ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਸਬੰਧੀ ਸਾਹਮਣੇ ਆਏ ਫੈਸਲੇ ਦਾ ਸਿੱਖ ਹਿਰਦਿਆਂ ‘ਤੇ ਭਾਰੀ ਅਸਰ ਪਿਆ ਹੈ।

ਇਸ ਦੌਰਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਅੰਤਿਮ ਇੱਛਾ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਕੇ ਫਾਂਸੀ ਦੇ ਤਖਤੇ ‘ਤੇ ਚੜ੍ਹਨ। ਇਸ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਟਿਆਲਾ ਜੇਲ੍ਹ ਵਿਚ ਇਹ ਜਲ ਲੈ ਕੇ ਜਾਣਗੇ। ਬਾਬਾ ਦਾਦੂਵਾਲ ਨੇ ਕਿਹਾ ਹਰ ਜ਼ਿੰਮੇਵਾਰੀ ਕੇਂਦਰ ਅਤੇ ਸੂਬਾ ਸਰਕਾਰ ਦੀ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version