ਅੰਮ੍ਰਿਤਸਰ ( 21 ਜਨਵਰੀ, 2016): ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਬਲਵੀਰ ਸਿੰਘ ਨੇ 20 ਜਨਵਰੀ ਨੂੰ ਮੱਥਾ ਟੇਕਣ ਪੁੱਜੇ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ।
ਪਹਿਰੇਦਾਰ ਅਖ਼ਬਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਆਪਣੇ ਪਾਰਟੀ ਦੇ ਆਗੂਆਂ ਅਤੇ ਨਿੱਜ਼ੀ ਸੁਰੱਖਿਆ ਗਾਰਡਾਂ ਨਾਲ ਸ਼੍ਰੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਲਈ ਚੋਣ ਮੁਹਿੰਮ ਸ਼ੁਰੂ ਕਰਨ ਲਈ ਹੋਰ ਆਗੁਆਂ ਨਾਲ ਸੁਖਬੀਰ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ।
ਸ਼ਵੇਰੇ 7 ਵਜੇ ਜਿਊ ਹੀ ਸੁਖਬੀਰ ਬਾਦਲ ਹੋਰ ਆਗੂਆਂ ਨਾਲ ਵਿਸ਼ੇਸ਼ ਰਸਤੇ ਰਾਹੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਤਾਂ ਭਾਈ ਬਲਵੀਰ ਸਿੰਘ ਨੂੰ ਸੁਖਬੀਰ ਬਾਦਲ ਨੂੰ ਸਿਰੋਪਾ ਬਖਸ਼ਿਸ਼ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਮੱਦੇ ਨਜ਼ਰ ਸੁਖਬੀਰ ਬਾਦਲ ਨੂੰ ਸਿਰੋਪਾ ਬਖਸ਼ਿਸ਼ ਕਰਨ ਤੋਂ ਇਨਕਾਰ ਕਰ ਦਿੱਤਾ।
ਘਟਨਾ ਤੋਂ ਬਾਅਦ ਦਬਾਅ ਸ਼੍ਰੋਮਣੀ ਕਮੇਟੀ ਅਧਿਕਾਰੀ ਭਾਈ ਬਲਵੀਰ ਸਿੰਘ ਖਿਲਾਫ ਕੋਈ ਸਖਤ ਕਾਰਵਾਈ ਕਰਨ ਲਈ ਦਬਾਅ ਵਿੱਚ ਹਨ। ਭਾਈ ਬਲਵੀਰ ਸਿੰਘ ਦੇ ਇਸ ਕਦਮ ਦੀ ਚਾਰ-ਚੁਫੇਰਿਓੁ ਸ਼ਲਾਘਾ ਹੋ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਅਜਿਹਾ ਕਦਮ ਕਿਉਂ ਚੁੱਕਿਆ ਤਾਂ ਉਨਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਨ੍ਹਾਂ ਨੇ ਸਹੀ ਕੀਤਾ ਜਾਂ ਗਲਤ। ਇਹ ਤਾਂ ਗੁਰੁ ਰਾਮ ਦਾਸ ਜੀ ਜਾਣਦੇ ਹਨ ਕਿ ਉਨ੍ਹਾਂ ਨੇ ਅਜਿਹਾ ਕਦਮ ਕਿਉਂ ਚੁੱਕਿਆ।