ਚੰਡੀਗੜ੍ਹ (12 ਫਰਵਰੀ, 2016): ਦੇਸ਼ ਧਰੋਹ ਦੇ ਕੇਸ ਵਿੱਚ ਜੇਲ ਵਿੱਚ ਬੰਦ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਕੱਚੀ ਜਮਾਨਤ ਦੇ ਦਿੱਤੀ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਐਮ. ਐਮ. ਐਸ. ਬੇਦੀ ਵੱਲੋਂ ਭਾਈ ਅਮਰੀਕ ਸਿੰਘ ਨੂੰ ਇਹ ਆਰਜ਼ੀ ਜ਼ਮਾਨਤ 24 ਫ਼ਰਵਰੀ ਤੱਕ ਦਿੱਤੀ ਗਈ ਹੈ ਤੇ 24 ਫਰਵਰੀ ਨੂੰ ਜੇਲ੍ਹ ‘ਚ ਆਤਮ ਸਮਰਪਨ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ ।
ਭਾਈ ਅਮਰੀਕ ਸਿੰਘ ਵੱਲੋਂ ਆਪਣੀ ਬੀਮਾਰੀ ਦਾ ਕਾਰਨ ਦੱਸਦਿਆਾ ਹਾਈਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਸੀ । ਇਸ ਮਾਮਲੇ ‘ਚ ਹਾਈਕੋਰਟ ਨੇ ਅੰਮਿ੍ਤਸਰ ਦੇ ਡੀਐਸਪੀ ਨੂੰ ਰਿਪੋਰਟ ਸੌਾਪਣ ਲਈ ਕਿਹਾ ਸੀ । ਡੀਐਸਪੀ ਵੱਲੋਂ ਸੌਾਪੀ ਰਿਪੋਰਟ ‘ਚ ਪੁਸ਼ਟੀ ਹੋਈ ਸੀ ਕਿ ਭਾਈ ਅਮਰੀਕ ਸਿੰਘ ਦਿਲ ਦੀ ਬੀਮਾਰੀ ਤੋਂ ਪੀੜ੍ਹਤ ਹਨ ਤੇ ੳਨ੍ਹਾਂ ਨੂੰ ਇਲਾਜ ਲਈ 15 ਜਨਵਰੀ ਨੂੰ ਹਸਪਤਾਲ ਭਰਤੀ ਕੀਤਾ ਗਿਆ ਸੀ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ । ਇਸ ਰਿਪੋਰਟ ਤੋਂ ਬਾਅਦ ਹੀ ਹਾਈਕੋਰਟ ਨੇ ਅੱਜ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ ।
ਜ਼ਿਕਰਯੋਗ ਹੈ ਕਿ ਸੌਦਾ ਸਾਧ ਮਾਫੀਨਾਮਾ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਤੋਂ ਬਾਅਦ ਕੁਝ ਪੰਥਕ ਧਿਰਾਂ ਵੱਲੋਂ ਅੰਮ੍ਰਿਤਸਰ ਨੇੜਲੇ ਪਿੰਡ ਚੱਬਾ ਵਿਖੇ 10 ਨਵੰਬਰ 2015 ਨੂੰ ਸਰਬੱਤ ਖਾਲਸਾ ਦਾ ਸਮਾਗਮ ਸੱਦਿਆ ਗਿਆ ਸੀ। ਇਸ ਸਮਾਗਮ ਤੋਂ ਬਾਅਦ ਸਮਾਗਮ ਦੇ ਜਿੰਨ੍ਹਾਂ ਪ੍ਰਬੰਧਕਾਂ ਖਿਲਾਫ ਪੰਜਾਬ ਸਰਕਾਰ ਨੇ ਦੇਸ਼ ਧਰੋਹ ਦੇ ਪਰਚੇ ਦਰਜ਼ ਕੀਤੇ ਸਨ, ਉਨ੍ਹਾਂ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ ਵੀ ਸ਼ਾਮਲ ਸਨ।