ਫਰੈਕਫੋਰਟ: ਆਧੁਨਿਕਤਾ ਅਤੇ ਉਸ ਦਾ ਸਿੱਖਾਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪ੍ਰਣਾਲੀ ‘ਤੇ ਪ੍ਰਭਾਵ ਸਬੰਧੀ ਕਰਵਾਏ ਸੈਮੀਨਾਰ ਤੋਂ ਬਾਅਦ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਹਫਤਾਵਰੀ ਦੀਵਾਨ ਵਿੱਚ ਸਿੱਖ ਕੌਮ ਦੇ ਚਿੰਤਕ ਸ੍ਰ ਅਜਮੇਰ ਸਿੰਘ ਨੇ ਸਿੱਖ ਰਾਜ ਦੀ ਲੋੜ ਅਤੇ ਇਸ ਦੀ ਵਿਲੱਖਣਤਾ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉਦਿਆਂ ਹੋਇਆਂ ਕਿਹਾ ਕਿ ਅਜ਼ਾਦੀ ਹਰ ਜੀਵ ਦੀ ਬੁਨਿਆਦੀ ਲੋੜ ਹੈ। ਗੁਲਾਮ ਵਾਤਾਵਰਣ ਵਿੱਚ ਤਾਂ ਪੌਦਿਆਂ ਪੰਛੀਆਂ ਦਾ ਵੀ ਸਹੀ ਵਿਕਾਸ ਨਹੀਂ ਹੁੰਦਾ। ਇਸ ਕਰਕੇ ਮਨੁੱਖੀ ਜੀਵਾਂ ਤੇ ਕੌਮਾਂ ਦੇ ਸੁਤੰਤਰ ਵਿਕਾਸ ਲਈ ਅਜ਼ਾਦੀ ਦੀ ਜ਼ਰੂਰੀ ਲੋੜ ਹੈ। ਪਰ ਗੁਰਮਤਿ ਦੀ ਰੌਸ਼ਨੀ ਵਿਚ ਅਜ਼ਾਦੀ ਦਾ ਭਾਵ ਬਹੁਤ ਡੂੰਘਾ ਹੈ। ਕਿਉਂਕਿ ਸਿੱਖ ਲਈ ਮਨੁਖੀ ਜੀਵਨ ਦਾ ਮਨੋਰਥ ਆਤਮਿਕ ਵਿਕਾਸ ਕਰਦੇ ਹੋਏ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਨਾ ਹੈ, ਜਿਸ ਦੇ ਵਾਸਤੇ ਮਨੁਖ ਲਈ ਪੂਰਨ ਤੌਰ ‘ਤੇ ਆਜ਼ਾਦ ਵਾਤਾਵਰਨ ਚਾਹੀਦਾ ਹੈ।
ਇਸ ਲਈ ਸਿਖਾਂ ਵਾਸਤੇ ਆਜ਼ਾਦੀ ਲਈ ਸੰਘਰਸ਼ ਕਰਨਾ ਅਧਿਆਤਮਿਕ ਫਰਜ਼ ਬਣ ਜਾਂਦਾ ਹੈ। ਇਹ ਸਿਖਾਂ ਲਈ ਅਧਿਆਤਮਿਕ ਅਨੁਭਵ ਦਾ ਦਰਜਾ ਰਖਦਾ ਹੈ। ਸਿੱਖਾਂ ਨੇ ਇਸ ਆਸ਼ੇ ਨਾਲ ਆਜ਼ਾਦੀ ਲਈ ਸੰਘਰਸ਼ ਕਰਦੇ ਹੋਏ ਇਤਿਹਾਸ ਅੰਦਰ ਉਚੇ ਤੇ ਸੁੱਚੇ ਇਖਲਾਕ ਦੀਆਂ ਲਾਸਾਨੀ ਮਿਸਾਲਾਂ ਕਾਇਮ ਕੀਤੀਆਂ। ਇਸ ਪ੍ਰਥਾਇ ਬਾਬਾ ਬੰਦਾ ਸਿੰਘ ਬਹਾਦਰ ਦਾ ਥੋੜ੍ਹ ਚਿਰਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਕਾਇਮ ਕੀਤਾ ਗਿਆ ਸਿੱਖ ਰਾਜ ਮਨੁੱਖੀ ਇਤਿਹਾਸ ਦਾ ਗੌਰਵ ਹੋ ਨਿਬੜੇ ਹਨ। ਇਸ ਸਿੱਖ ਵਿਰਸੇ ਤੋਂ ਪ੍ਰੇਰਨਾ ਲੈਂਦੇ ਹੋਏ ਵੀਹਵੀਂ ਸਦੀ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਅੰਦਰ ਮੁੜ ਉਹੀ ਪੁਰਾਤਨ ਜੁਝਾਰੂ ਸਪਿਰਿਟ ਪੈਦਾ ਕੀਤੀ ਅਤੇ ਸਿਖਾਂ ਦੇ ਹਿਰਦਿਆਂ ਅੰਦਰ ਆਜ਼ਾਦੀ ਦਾ ਜਜ਼ਬਾ ਪ੍ਰਚੰਡ ਕੀਤਾ।
8-10 ਸਾਲਾਂ ਤਕ ਚੱਲੇ ਖਾੜਕੂ ਸੰਘਰਸ਼ ਦੌਰਾਨ ਸਿੱਖ ਨੌਜਵਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਹਾਦਤਾਂ ਦੇ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਉਤੇ ਅਡੋਲ ਪਹਿਰਾ ਦਿਤਾ। ਪਰ ਖਾੜਕੂ ਲਹਿਰ ਦੇ ਖਤਮ ਹੋਣ ਤੋਂ ਬਾਅਦ ਪੰਥਕ ਰਾਜਨੀਤੀ ਦਾ ਅਮਲ ਬਹੁਤਾ ਨਿਰਮਲ ਨਾ ਰਿਹਾ। ਖਾੜਕੂ ਵਿਰਾਸਤ ਤੇ ਧਾਰਾ ਦੀ ਰਾਜਸੀ ਖੇਤਰ ਵਿਚ ਤਰਜਮਾਨੀ ਕਰਨ ਦਾ ਦਾਅਵਾ ਕਰਨ ਵਾਲੇ ਬਹੁਤੇ ਆਗੂਆਂ ਅੰਦਰ ਨਿਜਪ੍ਰਸਤੀ, ਸੁਆਰਥ ਤੇ ਰਾਜਸੀ ਸਤਾ ਦਾ ਲਾਲਚ ਭਾਰੂ ਹੋ ਗਿਆ ਅਤੇ ਉਨ੍ਹਾਂ ਅੰਦਰ ਰਵਾਇਤੀ ਅਕਾਲੀ ਆਗੂਆਂ ਵਾਲੀਆਂ ਹੀ ਕਮਜ਼ੋਰੀਆਂ ਪੈਦਾ ਹੋ ਗਈਆਂ, ਜਿਸ ਕਰਕੇ ਸਿੱਖ ਸੰਘਰਸ਼ ਅੰਦਰ ਖੜੋਤ ਤੇ ਗਿਰਾਵਟ ਦੇ ਲਛਣ ਪਰਗਟ ਹੋ ਗਏ ਹਨ। ਇਸ ਹਾਲਤ ਵਿਚ ਸੂਝਵਾਨ ਤੇ ਜਾਗਰੂਕ ਹੋਏ ਸਿੱਖ ਨੌਜਵਾਨਾਂ ਦਾ ਇਹ ਅਹਿਮ ਫਰਜ਼ ਬਣਦਾ ਹੈ ਕਿ ਉਹ ਗੁਰੂ ਸਾਹਿਬਾਨ ਦੇ ਰੂਹਾਨੀ ਆਦਰਸ਼ਾਂ ਕੋਲੋਂ ਪ੍ਰੇਰਨਾ ਲੈਂਦੇ ਹੋਏ ਸਿੱਖ ਸੰਘਰਸ਼ ਨੂੰ ਅਗਵਾਈ ਦੇਣ ਦੀ ਜ਼ੁੰਮੇਵਾਰੀ ਓਟਣ।
ਮੌਜੂਦਾ ਭਾਰਤੀ ਰਾਜ ਦੀ ਅਧੀਨਗੀ ਹੇਠ ਅੰਸ਼ਕ ਰੂਪ ਵਿਚ ਸੱਤਾ ਹਾਸਲ ਕਰਨ ਦੀ ਮੌਕਾਪ੍ਰਸਤ ਰਾਜਨੀਤੀ ਸਿੱਖ ਕੌਮ ਨੂੰ ਡੂੰਘੀ ਰਸਾਤਲ ਵਿਚ ਸੁੱਟ ਦੇਵੇਗੀ। ਇਸ ਕਰਕੇ ਸਿੱਖ ਕੌਮ ਨੂੰ ਪੂਰਨ ਆਜ਼ਾਦੀ ਦੀ ਪ੍ਰਾਪਤੀ ਲਈ ਸੰਘਰਸ਼ ਦਾ ਅਡੋਲ ਝੰਡਾ ਬੁਲੰਦ ਰੱਖਣਾ ਚਾਹੀਦਾ ਹੈ। ਇੰਗਲੈਡ ਤੋਂ ਆਏ ਮਨੁੱਖੀ ਅਧਿਕਾਰਾਂ ਦੇ ਮਸੀਹਾ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾਤਾ ਭਾਈ ਅਮਰਜੀਤ ਸਿੰਘ ਖਾਲੜਾ ਨੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ। ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਾਹਿਬਾਨ ਨੇ ਗੁਰੂ ਦੀ ਬਖਸ਼ੀਸ਼ ਸੰਗਤ ਦੀ ਅਸੀਸ ਸਿਰੋਪਾਉ ਨਾਲ ਸ੍ਰ. ਅਜਮੇਰ ਸਿੰਘ ਤੇ ਭਾਈ ਅਮਰਜੀਤ ਸਿੰਘ ਖਾਲੜਾ ਨੂੰ ਸਨਮਾਨਤ ਕੀਤਾ ਗਿਆ ਉਥੇ ਫਰੈਂਕਫੋਰਟ ਦੇ ਹੋਣਹਾਰ ਨੌਜਵਾਨ ਬਿਕਰਮ ਸਿੰਘ ਜਿਸ ਨੇ ਗਿਆਰਵੀਂ ਕਲਾਸ ਨੂੰ ਪੜਾਈ ਜਾਣ ਵਾਲੀ ਹਿਸਾਬ ਦੀ ਕਿਤਾਬ ਲਿਖਣ ਦਾ ਮਾਣ ਪ੍ਰਾਪਤ ਹੋਇਆ ਹੈ ਉਸ ਦਾ ਸਾਨਮਾਣ ਸ੍ਰ. ਅਜਮੇਰ ਸਿੰਘ ਨੇ ਸਿਰੋਪਾਉ ਨਾਲ ਕੀਤਾ ਗਿਆ।
ਸਟੇਜ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਨਿਭਾਈ ਤੇ ਸ੍ਰ. ਅਜਮੇਰ ਸਿੰਘ, ਭਾਈ ਅਮਰਜੀਤ ਸਿੰਘ ਖਾਲੜਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।