January 25, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ:ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਨੇ ਭਾਰਤੀ ਗਣਤੰਤਰ ਦਿਵਸ ਬਾਰੇ ਬਿਆਨ ਜਾਰੀ ਕਰਦਿਆਂ ਇਹ ਕਿਹਾ ਹੈ ਕਿ ਭਾਰਤੀ ਉਪਮਹਾਦੀਪ ਵਿਚ ਜਾਲਮ ਹਾਕਮਾਂ ਦਾ ਵਿਰੋਧ ਕਰਨ ਦੀ ਪਹਿਲਕਦਮੀ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ,ਉਹਨਾਂ ਬਾਬਰ ਨੂੰ ਜਾਬਰ ਆਖ ਜੁਲਮ ਵਿਰੁੱਧ ਅਵਾਜ ਚੁੱਕੀ ਸੀ।
ਗੁਰੂ ਸਾਹਿਬਾਨਾਂ ਨੇ ਮਨੁੱਖੀ ਆਜ਼ਾਦੀ ਅਤੇ ਬਰਾਬਰੀ ਸ਼ਹਾਦਤਾਂ ਦਿੱਤੀਆਂ ਸਨ।ਅੰਗਰੇਜ਼ਾਂ ਵਲੋਂ ਬਸਤੀ ਬਣਾਏ ਗਏ ਭਾਰਤੀ ਉਪਮਹਾਦੀਪ ਨੂੰ ਅਜਾਦ ਕਰਵਾਉਣ ਲਈ ਗੋਰਿਆਂ ਵਿਰੁੱਧ ਸੰਘਰਸ਼ ਵਿਚ ਜਿੰਨਾ ਜਾਨੀ-ਮਾਲੀ ਨੁਕਸਾਨ ਸਿੱਖਾਂ ਦਾ ਹੋਇਆ ਉਹ ਅਨੋਖੀ ਮਿਸਾਲ ਹੈ। ਪਰ ਆਜ਼ਾਦੀ ਮਿਲਦਿਆਂ ਹੀ ਸਿੱਖਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਇਆ ਗਿਆ ਅਤੇ ਕੌਮ ਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆ। ਅੱਜ ਤੱਕ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ ਗੁਰਧਾਮਾਂ ਦੀ ਬੇਅਦਬੀ ਉਸੇ ਲੜੀ ਦੀ ਕੜੀ ਹੈ। ਇਸੇ ਕਰਕੇ ਜਦੋਂ ਭਾਰਤ ਆਜ਼ਾਦੀ ਅਤੇ ਗਣਤੰਤਰ ਦਿਵਸਾਂ ਦੇ ਜਸ਼ਨ ਮਨਾਅ ਰਿਹਾ ਹੁੰਦਾ ਹੈ ਤਾਂ ਉਦੋਂ ਸਿੱਖ ਕੌਮ ਆਪਣੇ ਨਾਲ ਹੋਈ ਬੇਵਿਸਾਹੀ ਦਾ ਅਫ਼ਸੋਸ ਕਰ ਰਹੀ ਹੁੰਦੀ ਹੈ।
ਪੰਥਕ ਤਾਲਮੇਲ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦਾ ਉਦੋਂ ਵੀ ਮੰਨਣਾ ਸੀ ਤੇ ਅੱਜ ਵੀ ਕਿ 1947 ਵਿਚ ਪੰਜਾਬ ਦੀ ਹਿੱਕ ਉੱਤੇ ਵੰਡ ਦੀ ਲਹੂ ਭਿੱਜੀ ਲਕੀਰ ਖਿੱਚੀ ਗਈ ਸੀ। ਪੰਜਾਬ ਹਮੇਸ਼ਾਂ ਲਈ ਭਾਰਤ-ਪਾਕਿਸਤਾਨ ਦਰਮਿਆਨ ਯੁੱਧ ਦਾ ਮੈਦਾਨ ਬਣ ਗਿਆ। ਉਪ-ਮਹਾਂਦੀਪ ਵਿਚ ਹਥਿਆਰਾਂ ਦੀ ਦੌੜ ਸ਼ੁਰੂ ਹੋਈ ਅਤੇ ਦੋਨੋਂ ਮੁਲਕਾਂ ਨੇ ਤਬਾਹੀ ਲਈ ਐਟਮੀ ਬੰਬ ਤਿਆਰ ਕਰ ਲਏ। ਭਿੰਨ-ਭਿੰਨ ਕੌਮੀਅਤਾਂ ਵਾਲੇ ਉਪ ਮਹਾਂਦੀਪ ਨੂੰ ਇਕ ਕੇਂਦਰੀ ਧੁਰੇ ਦੇ ਦੁਆਲੇ ਬੰਨ੍ਹ ਕੇ ਰੱਖਣ ਲਈ ਕਾਂਗਰਸੀ ਨੇਤਾਵਾਂ ਨੇ ਸੰਵਿਧਾਨ ਨੂੰ ਪਵਿੱਤਰ ਕਿਤਾਬ ਵਜੋਂ ਪੇਸ਼ ਕੀਤਾ। ਸੰਵਿਧਾਨ ਦੇ ਨਾਮ’ ਤੇ ਹੀ ਸਿੱਖ ਘੱਟਗਿਣਤੀ ਅਤੇ ਆਪਣੇ ਹੱਕਾਂ ਦੀ ਮੰਗ ਕਰਦੇ ਭਾਈਚਾਰਿਆਂ ਨੂੰ ਦੇਸ਼-ਧ੍ਰੋਹੀ ਗਰਦਾਨ ਕੇ ਦੱਬਿਆ ਗਿਆ। ਦਰਅਸਲ, ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਅਜਿਹਾ ਸੰਵਿਧਾਨ ਘੜਿਆ ਜਿਹੜਾ ਸਿਰਫ਼ ਕਹਿਣ ਨੂੰ ਹੀ ਸੰਘੀ ਸੀ, ਪਰ ਤੱਤ ਰੂਪ ਵਿਚ ਏਕਾਤਮਕ ਸੀ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਵੀ ਸੰਵਿਧਾਨ ਘੜਨੀ ਸਭਾ ਦਾ ਮੁੜ ਗਠਨ ਨਹੀਂ ਹੋਇਆ। ਬਲਕਿ ਗੈਰ-ਕਾਨੂੰਨੀ ਸਭਾ ਤੋਂ ਹੀ ਨਹਿਰੂ-ਪਟੇਲ ਨੇ ਆਪਣੀ ਮਨਮਰਜ਼ੀ ਨਾਲ ਤਿਆਰ ਕਰਵਾਏ ਸੰਵਿਧਾਨ ਉੱਤੇ ਮੋਹਰ ਲਵਾ ਲਈ। ਅੱਜ ਦੀ ਤ੍ਰਾਸਦੀ ਹੈ ਕਿ ਸੱਤਾ ਦੀ ਦੌੜ ਵਿਚ ਸ਼ਾਮਲ ਸਿਆਸੀ ਪਾਰਟੀਆਂ ਬੁਨਿਆਦੀ ਮੁੱਦਿਆਂ’ਤੇ ਮਿੱਟੀ ਪਾਉਣ ਲਈ ਉਕਸਾਊ ਮਾਹੌਲ ਸਿਰਜਦੀਆਂ ਹਨ ਅਤੇ ਚੋਣਾਂ ਜਿੱਤਣਾ ਹੀ ਨਿਸ਼ਾਨਾ ਰੱਖਦੀਆਂ ਹਨ। ਸਿੱਖ ਕੌਮ ਦੇ ਨਿਆਰੇਪਨ ਨੂੰ ਭਾਰਤੀ ਧਾਰਾਵਾਂ ਵਿਚ ਚੁਣੌਤੀ ਉਂਝ ਹੀ ਖੜ੍ਹੀ ਹੈ। ਪੰਜਾਬ ਦੇ ਮਸਲੇ ਉੱਥੇ ਹੀ ਖੜ੍ਹੇ ਹਨ। ਕਦੇ ਖੇਤਰੀਵਾਦ ਦਾ ਅਲੰਬਰਦਾਰ ਰਿਹਾ ਅਕਾਲੀ ਦਲ ਵੀ ਸੱਚ ਤੋਂ ਕਿਨਾਰਾ ਕਰ ਚੁੱਕਾ ਹੈ ਅਤੇ ਕੌਮ ਵਿਰੋਧੀ ਚਾਲਾਂ ਦਾ ਹਮਸਫ਼ਰ ਬਣ ਆਪਣੀ ਹੋਂਦ ਗਵਾ ਰਿਹਾ ਹੈ।
Related Topics: Giani Kewal Singh, India's Republic Day (26 January), Panthak Talmel Sangathan, Protest Against Indian Republic Day