ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੇ ਕੇਸ ਵਿੱਚ ਜਿਰ੍ਹਾ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਸ ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਉਹ ਆਪਣੇ ਪੱਖ ਵਿੱਚ ਬਚਾਅ ਲਈ ਕੁਝ ਵੀ ਕਹਿਣਾ ਨਹੀਂ ਚਾਹੁੰਦਾ ਹੈ। ਯੂ.ਟੀ. ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਬੀਰ ਸਿੰਘ ਸਿੱਧੂ ਨੇ ਕੇਸ ਦੀ ਸੁਣਵਾਈ ਸਖ਼ਤ ਸਰੁੱਖਿਆ ਵਾਲੀ ਮਾਡਲ ਜੇਲ੍ਹ ਵਿੱਚ ਕੀਤੀ ਹੈ।
ਕੇਸ ਦੀ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਏ.ਕੇ. ਉਹਰੀ ਦੇ ਬਿਆਨ ਲਏ ਗਏ ਹਨ। ਬੇਅੰਤ ਕਤਲ ਕੇਸ ਦੀ ਜਾਂਚ ਸੀਬੀਆਈ ਹਵਾਲੇ ਕਰਨ ਤੋਂ ਬਾਅਦ ਉਸ ਨੇ ਧਮਾਕੇ ਬਾਰੇ ਪੁੱਛ-ਗਿੱਛ ਸ਼ੁਰੂ ਕੀਤੀ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਕੇਸ ਸਤੰਬਰ 1995 ਨੂੰ ਸੀਬੀਆਈ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਧਮਾਕੇ ਵਿੱਚ ਵਰਤੇ ਗਏ ਅਸਲੇ ਦੇ ਨਮੂਨਿਆਂ ਦੀ ਜਾਂਚ ਕੀਤੀ ਸੀ। ਅਦਾਲਤ ਵੱਲੋਂ ਇੱਕ ਹੋਰ ਗਵਾਹ ਨੂੰ ਅੱਜ ਲਈ ਤਲਬ ਕੀਤਾ ਗਿਆ ਸੀ ਪਰ ਪੁਲੀਸ ਇੰਸਪੈਕਟਰ ਵਿਜੈ ਕੁਮਾਰ ਦੀ ਮੌਤ ਹੋ ਜਾਣ ਕਰਕੇ ਉਹ ਗ਼ੈਰਹਾਜ਼ਰ ਰਿਹਾ ਹੈ।
ਅਦਾਲਤ ਨੇ ਗਵਾਹ ਏ.ਕੀ. ਓਹਰੀ ਦੇ ਬਿਆਨ ਲੈਣ ਤੋਂ ਬਾਅਦ ਜਿਰ੍ਹਾ ਕਰਨ ਲਈ ਕਿਹਾ ਤਾਂ ਭਾਈ ਤਾਰਾ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਆਪਣੇ ਪੱਖ ਅਤੇ ਬਚਾਅ ਵਿੱਚ ਕੁਝ ਵੀ ਨਾ ਕਹਿਣ ਦੀ ਇੱਛਾ ਪ੍ਰਗਟ ਕੀਤੀ ਸੀ। ਭਾਈ ਜਗਤਾਰ ਸਿੰਘ ਤਾਰਾ ਨੇ ਅਦਾਲਤ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਦਾ ਭਾਰਤੀ ਸੰਵਿਧਾਨ ਅਤੇ ਕਾਨੂੰਨ ਵਿੱਚ ਭਰੋਸਾ ਨਹੀਂ ਹੈ ਅਤੇ ਇਸ ਲਈ ਉਹ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਹੈ। ਸੀਬੀਆਈ ਵੱਲੋਂ ਅਦਾਲਤ ਵਿੱਚ ਸੀਨੀਅਰ ਵਕੀਲ ਐਸ.ਕੇ. ਸਕਸੈਨਾ ਪੇਸ਼ ਹੋਏ ਹਨ। ਅਦਾਲਤ ਨੇ ਬੇਅੰਤ ਕਤਲ ਕੇਸ ਦੀ ਅਗਲੀ ਸੁਣਵਾਈ 27 ਜੁਲਾਈ ਲਈ ਮੁਕਰਰ ਕੀਤੀ ਹੈ।