ਖਾਸ ਖਬਰਾਂ

ਮੋਠਾਂਵਾਲੀ (ਮੋਗਾ) ਵਿਚ ਹੋਈ ਗੁਰਬਾਣੀ ਦੀ ਬੇਅਦਬੀ

By ਸਿੱਖ ਸਿਆਸਤ ਬਿਊਰੋ

June 25, 2018

ਮੋਗਾ: ਪੰਜਾਬ ਵਿਚ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਤੇ ਬਰਗਾੜੀ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੱਥੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਮੋਠਾਂਵਾਲੀ ਵਿੱਚ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ। ਬੇਅਦਬੀ ਕਾਰਨ ਪੈਦਾ ਹੋਏ ਤਣਾਅ ਕਰਕੇ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿਘ ਹੁੰਦਲ ਨੇ ਦੱਸਿਆ ਕਿ ਥਾਣਾ ਸਦਰ ਵਿੱਚ ਗੁਰਦੁਆਰਾ ਗੁਰੂਸਰ ਸਾਹਿਬ, ਮੋਠਾਂਵਾਲੀ ਦੇ ਪ੍ਰਧਾਨ ਸ਼ਾਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 295ਏ ਤੇ 505 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਮੋਠਾਂਵਾਲੀ ਵਿੱਚ ਸਵੇਰੇ ਤਕਰੀਬਨ 4 ਵਜੇ ਸੰਗਤ ਗੁਰਦੁਆਰੇ ਆਉਣ ਲੱਗੀ ਤਾਂ ਗੁਰਦੁਆਰੇ ਦੇ ਮੁੱਖ ਦੁਆਰ ਨੇੜੇ ਇੱਕ ਘਰ ਤੇ ਦੁਕਾਨਾਂ ਅੱਗੇ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਗ ਮਿਲੇ। ਪਿੰਡ ਵਾਸੀਆਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ। ਇਸ ਘਟਨਾ ਤੋਂ ਤਣਾਅ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਹੈ।

ਐੱਸਐੱਸਪੀ ਰਾਜਜੀਤ ਸਿੰਘ ਹੁੰਦਲ ਸਮੇਤ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ, ਹਰਜਿੰਦਰ ਸਿੰਘ ਬਾਜੇਕੇ, ਬਾਬਾ ਰੇਸ਼ਮ ਸਿੰਘ ਖੁਖਰਾਣਾ ਤੇ ਬਾਬਾ ਅਰਸ਼ਦੀਪ ਸਿੰਘ ਵੀ ਪੁੱਜੇ ਤੇ ਘਟਨਾ ਦੀ ਨਿਖੇਧੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: