ਅੰਬਾਲਾ: ਹਰਿਅਣਾ ਦੇ ਜਿਲ੍ਹਾ ਅੰਬਾਲਾ ਨੇੜੇ ਪਿੰਡ ਸਿੰਘਪੁਰਾ ਨਾਲ ਲਗਦੇ ਬਸੰਤ ਬਿਹਾਰ ਇਲਾਕੇ ਵਿੱਚੋਂ ਸੁੰਦਰ ਗੁਟਕਾ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ।ਸਿੱਖ ਸਿਆਸਤ ਵੱਲੋਂ ਅੰਬਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਨਿਭਾਉਂਦੀ ਜਥੇਬੰਦੀ ਸਿੱਖ ਡਾਇਰੀ ਦੇ ਸੇਵਾਦਾਰ ਨਾਲ ਫੋਨ ਤੇ ਗੱਲ ਕੀਤੀ ਗਈ ਜੋ ਕਿ ਮੌਕੇ ਤੇ ਮੋਜੂਦ ਸਨ।
ਉਨ੍ਹਾਂ ਦੱਸਿਆ ਕਿ ਪਿੰਡ ਤੋਂ ਬਾਹਰ ਖੇਤਾਂ ਵੱਲ ਸੁੱਕੀ ਨਹਿਰ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਿਰਦ ਹੋ ਚੁੱਕੇ ਸੁੰਦਰ ਗੁਟਕਾ ਸਾਹਿਬ ਨੂੰ ਰੁਮਾਲਾ ਸਾਹਿਬ ਵਿੱਚ ਲਪੇਟ ਕੇ ਸੁੱਟ ਦਿੱਤਾ ਗਿਆ ਸੀ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਿੱਖ ਸੰਗਤਾਂ ਦਰਮਿਆਨ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਿੱਖ ਡਾਇਰੀ ਦੇ ਸੇਵਾਦਾਰ ਨੇ ਦੱਸਿਆ ਕਿ, ਭਾਵੇਂ ਕਿ ਇਹ ਘਟਨਾ ਪੰਜਾਬ ਦੇ ਬਰਗਾੜੀ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਵਰਗੀ ਨਹੀਂ ਹੈ ਪਰ ਸੰਗਤਾਂ ਵੱਲੋਂ ਸਦਰ ਥਾਣਾ ਅੰਬਾਲਾ ਸ਼ਹਿਰ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ ਕਿ ਦੋਸ਼ੀ ਵਿਅਕਤੀ ਦੀ ਭਾਲ ਕਰਕੇ ਸਜਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਬਿਰਦ ਗੁਟਕਾ ਸਾਹਿਬ ਸਪੁਰਦ ਕਰਕੇ ਨਵੇਂ ਗੁਟਕਾ ਸਾਹਿਬ ਪ੍ਰਾਪਤ ਕੀਤੇ ਜਾ ਸਕਦੇ ਹਨ ਪਰ ਇਸ ਤਰ੍ਹਾਂ ਬਿਰਦ ਗੁਟਕਾ ਸਾਹਿਬ ਨੂੰ ਸੁੱਟ ਦੇਣਾ ਗੁਰਬਾਣੀ ਦੀ ਵੱਡੀ ਬੇਅਦਬੀ ਹੈ।
ਸੰਗਤਾਂ ਵੱਲੋਂ ਗੁਟਕਾ ਸਾਹਿਬ ਬਾਅਦ ਵਿੱਚ ਗੁਰਦੁਆਰਾ ਮੰਜੀ ਸਾਹਿਬ, ਅੰਬਾਲਾ ਵਿਖੇ ਪ੍ਰਬੰਧਕਾਂ ਦੇ ਸਪੁਰਦ ਕਰ ਦਿੱਤੇ ਗਏ।