ਬਟਾਲਾ: ਮੀਡੀਆ ਰਿਪੋਰਟਾਂ ਮੁਤਾਬਕ ਕੱਲ੍ਹ (21 ਨਵੰਬਰ, 2017) ਬਟਾਲਾ ਪੁਲਿਸ ਨੇ ਦਾਅਵਾ ਕੀਤਾ ਕਿ ਉਸਨੇ ਇਕ ਸਾਬਕਾ ਫ਼ੌਜੀ ਗੁਰਪ੍ਰੀਤ ਸਿੰਘ ਵਾਸੀ ਜੌੜਾ ਸਿੰਘ ਕੋਲੋਂ ਇਕ ਏ.ਕੇ. 47 ਅਤੇ 23 ਰੌਂਦ ਅਤੇ ਇਕ ਹੋਰ ਬੰਦੇ ਜੌਨ੍ਹ ਮਸੀਹ ਕੋਲੋਂ ਇਕ 22 ਬੋਰ ਦਾ ਰਿਵਾਲਵਰ 5 ਰੌਂਦਾਂ ਸਮੇਤ ਬਰਾਮਦ ਕੀਤਾ ਹੈ। ਐੱਸ.ਐੱਸ.ਪੀ. ਦਫ਼ਤਰ ਬਟਾਲਾ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬਾਰਡਰ ਜ਼ੋਨ ਦੇ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਅਤੇ ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਗ੍ਰਿਫਤਾਰ ਬੰਦਿਆਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ 28 ਫਰਵਰੀ, 2014 ਨੂੰ ਰਿਟਾਇਰਡ ਹੋਏ ਗੁਰਪ੍ਰੀਤ ਸਿੰਘ ਨੇ 15 ਸਾਲ 74 ਆਰਮਡ ਰੈਜੀਮੈਂਟ ‘ਚ ਨੌਕਰੀ ਕੀਤੀ ਹੈ ਅਤੇ ਹੁਣ ਇਹ ਦੋਵੇਂ ਟਰੱਕ ਵਾਲਿਆਂ ਤੋਂ ਧੱਕੇ ਨਾਲ ਪੈਸੇ ਵਸੂਲਦੇ ਸਨ। ਪੁਲਿਸ ਮੁਤਾਬਕ ਇਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਚੁਕੇ ਹਨ। ਐਸ.ਅਸ.ਪੀ. ਪਰਮਾਰ ਮੁਤਾਬਕ ਗੁਰਪ੍ਰੀਤ ਸਿੰਘ ਨੇ ਡੋਡਾ (ਕਸ਼ਮੀਰ) ਤੋਂ ‘ਕਿਸੇ’ ਬੰਦੇ ਕੋਲੋਂ ਹਥਿਆਰ ਲਏ ਸਨ।